ਇਜ਼ਰਾਈਲੀ ਫ਼ੌਜ ਦਾ ਦਾਅਵਾ, ਮਾਰਿਆ ਗਿਆ ਹਮਾਸ ਦਾ ਚੋਟੀ ਦਾ ਇਕ ਹੋਰ ਕਮਾਂਡਰ
Sunday, Oct 15, 2023 - 12:05 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਚੱਲ ਰਹੀ ਜੰਗ 'ਚ ਹਮਾਸ ਦਾ ਇਕ ਹੋਰ ਸੀਨੀਅਰ ਕਮਾਂਡਰ ਮਾਰਿਆ ਗਿਆ ਹੈ। ਇਜ਼ਰਾਈਲੀ ਬਲਾਂ ਨੇ ਸ਼ਨੀਵਾਰ ਰਾਤ ਨੂੰ ਇੱਕ ਹਵਾਈ ਹਮਲੇ ਵਿੱਚ ਦੱਖਣੀ ਖਾਨ ਯੂਨਿਸ ਬਟਾਲੀਅਨ ਵਿੱਚ ਨਹਬਾ ਫੋਰਸ ਦੇ ਚੋਟੀ ਦੇ ਕਮਾਂਡਰ ਅਲੀ-ਕਾਦੀ ਨੂੰ ਮਾਰ ਦਿੱਤਾ।
ਇਜ਼ਰਾਇਲੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸ਼ਨੀਵਾਰ ਰਾਤ ਨੂੰ ਗਾਜ਼ਾ ਪੱਟੀ 'ਚ ਅੱਤਵਾਦੀ ਸੰਗਠਨ ਹਮਾਸ ਦੀ ਦੱਖਣੀ ਖਾਨ ਯੂਨਿਸ ਬਟਾਲੀਅਨ 'ਤੇ ਹਮਲਾ ਕੀਤਾ। ਮਾਰਿਆ ਗਿਆ ਅੱਤਵਾਦੀ ਇਜ਼ਰਾਈਲ 'ਚ ਕਈ ਲੋਕਾਂ ਨੂੰ ਮਾਰਨ ਦਾ ਜ਼ਿੰਮੇਵਾਰ ਸੀ। ਇਸੇ ਨੇ ਦੱਖਣੀ ਇਜ਼ਰਾਈਲ ਦੇ ਕਿਬਬੁਟਜ਼ ਨੀਰੀਮ ਅਤੇ ਨੀਰੋਜ਼ ਖੇਤਰ ਵਿੱਚ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਨੂੰ ਲੱਭ-ਲੱਭ ਕੇ ਮਾਰਿਆ ਸੀ। ਅੱਤਵਾਦੀ ਸੰਗਠਨ ਹਮਾਸ 'ਚ ਕੰਮ ਕਰਨ ਦੇ ਨਾਲ-ਨਾਲ ਕਾਦੀ ਫਲਸਤੀਨੀ ਇਸਲਾਮਿਕ ਜੇਹਾਦ ਸੰਗਠਨ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਇਜ਼ਰਾਈਲੀ ਰੱਖਿਆ ਬਲਾਂ ਨੇ ਦਾਅਵਾ ਕੀਤਾ ਸੀ ਕਿ ਹਮਾਸ ਦੇ ਹਵਾਈ ਸਮੂਹ ਦਾ ਮੁਖੀ ਅਬੂ ਮੁਰਾਦ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ।
ਇਸਲਾਮਿਕ ਜੇਹਾਦ ਦਾ ਹੈੱਡਕੁਆਰਟਰ ਵੀ ਢਹਿ ਢੇਰੀ
ਇਜ਼ਰਾਈਲ ਡਿਫੈਂਸ ਫੋਰਸਿਜ਼ ਦੇ ਇੱਕ ਬਿਆਨ ਅਨੁਸਾਰ ਆਈ.ਡੀ.ਐਫ ਨੇ ਜ਼ੈਤੁਨ, ਖਾਨ ਯੂਨਿਸ ਅਤੇ ਪੱਛਮੀ ਜਬਲੀਆ ਦੇ ਨੇੜਲੇ ਇਲਾਕਿਆਂ ਵਿੱਚ ਹਮਾਸ ਦੇ ਸੌ ਤੋਂ ਵੱਧ ਟਿਕਾਣਿਆਂ 'ਤੇ ਹਮਲਾ ਕੀਤਾ। ਇੰਨਾ ਹੀ ਨਹੀਂ ਹਮਾਸ ਦੇ ਉਨ੍ਹਾਂ ਆਪਰੇਸ਼ਨਲ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਅੱਤਵਾਦੀ ਇਜ਼ਰਾਈਲ ਖ਼ਿਲਾਫ਼ ਹਮਲੇ ਕਰਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-Operation Ajay : 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਇਜ਼ਰਾਈਲ ਤੋਂ ਹੋਇਆ ਰਵਾਨਾ
ਇਜ਼ਰਾਈਲੀ ਬਲਾਂ ਨੇ ਹਮਾਸ ਦੇ ਇਸਲਾਮਿਕ ਜੇਹਾਦ ਕੌਂਸਲ ਦੇ ਹੈੱਡਕੁਆਰਟਰ, ਕਮਾਂਡ ਸੈਂਟਰ, ਮਿਲਟਰੀ ਕੰਪਲੈਕਸ, ਦਰਜਨਾਂ ਲਾਂਚਰ ਪੈਡ, ਟੈਂਕ ਵਿਰੋਧੀ ਚੌਕੀਆਂ ਅਤੇ ਵਾਚ ਟਾਵਰਾਂ ਨੂੰ ਮਲਬੇ ਵਿੱਚ ਬਦਲ ਦਿੱਤਾ। ਇਸ ਦੌਰਾਨ ਫਲਸਤੀਨੀ ਇਸਲਾਮਿਕ ਜੇਹਾਦ ਅੱਤਵਾਦੀ ਸੰਗਠਨ ਦਾ ਫੌਜੀ ਹੈੱਡਕੁਆਰਟਰ ਵੀ ਤਬਾਹ ਕਰ ਦਿੱਤਾ ਗਿਆ। ਇਸ ਤੋਂ ਇਲਾਵਾ IDF ਨੇ ਹਮਾਸ ਦੇ ਕਈ ਬੁਨਿਆਦੀ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ। ਇਹਨਾਂ ਬੁਨਿਆਦੀ ਢਾਂਚੇ ਨਾਲ ਜੁੜੇ ਬਹੁਤ ਸਾਰੇ ਲੋਕ IDF ਖ਼ਿਲਾਫ਼ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਸਨ।
ਗਾਜ਼ਾ ਪੱਟੀ ਦੇ ਲੋਕਾਂ ਲਈ ਜਾਨਾਂ ਬਚਾਉਣ ਦੀ ਜੰਗ
ਤੁਹਾਨੂੰ ਦੱਸ ਦੇਈਏ ਕਿ ਹਮਾਸ ਨਾਲ ਲੜਾਈ ਦੇ ਦੌਰਾਨ ਇਜ਼ਰਾਈਲੀ ਫੌਜ ਨੇ ਫਲਸਤੀਨ ਦੇ ਲੋਕਾਂ ਨੂੰ ਉੱਤਰੀ ਗਾਜ਼ਾ ਖਾਲੀ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। IDF ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਗਾਜ਼ਾ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵੱਲ ਚਲੇ ਜਾਣਾ ਚਾਹੀਦਾ ਹੈ। ਇਜ਼ਰਾਈਲ ਦੀ ਇਸ ਚਿਤਾਵਨੀ ਦੇ ਵਿਚਕਾਰ ਗਾਜ਼ਾ ਪੱਟੀ 'ਚ ਰਹਿਣ ਵਾਲੇ ਲੋਕਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਖੜ੍ਹਾ ਹੋ ਗਿਆ ਹੈ।ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਹਮਾਸ ਫਲਸਤੀਨੀ ਨਾਗਰਿਕਾਂ ਨੂੰ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਜਾਣ ਤੋਂ ਰੋਕ ਰਿਹਾ ਹੈ। ਇਸ ਦੌਰਾਨ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 2215 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚ 724 ਬੱਚੇ ਸ਼ਾਮਲ ਹਨ। ਇਜ਼ਰਾਈਲ ਡਿਫੈਂਸ ਫੋਰਸ ਨੇ ਇਹ ਜਾਣਕਾਰੀ ਦਿੱਤੀ ਹਮਾਸ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਵਿਚ ਮਾਣ ਮਹਿਸੂਸ ਕਰਦਾ ਹੈ ਅਤੇ ਹਰ ਨਾਗਰਿਕ ਨੁਕਸਾਨ ਲਈ ਜ਼ਿੰਮੇਵਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।