ਇਜ਼ਰਾਈਲ ''ਚ ਫਸੇ ਭਾਰਤੀ ਕੋਵਿਡ-19 ਸੰਕਟ ਦੌਰਾਨ ਘਰ ਪਹੁੰਚਣ ਲਈ ਬੇਤਾਬ

05/17/2020 5:58:21 PM

ਯੇਰੂਸ਼ਲਮ (ਭਾਸ਼ਾ): ਕੋਵਿਡ-19 ਮਹਾਮਾਰੀ ਦੇ ਵਿਚ ਇਜ਼ਰਾਈਲ ਵਿਚ ਫਸੇ ਕਈ ਭਾਰਤੀ ਦੇਸ਼ ਪਰਤਣ ਲਈ ਬੇਤਾਬ ਹਨ। ਇਸ ਦੌਰਾਨ ਉਹਨਾਂ ਨੂੰ ਇਸ ਖਬਰ ਨਾਲ ਕਾਫੀ ਰਾਹਤ ਮਿਲੀ ਹੈ ਕਿ ਏਅਰ ਇੰਡੀਆ ਦਾ ਇਕ ਵਿਸ਼ੇਸ਼ ਜਹਾਜ਼ 25 ਮਈ ਨੂੰ ਇੱਥੇ ਫਸੇ ਭਾਰਤੀਆਂ ਨੂੰ ਲਿਜਾਵੇਗਾ। ਭਾਰਤ ਸਰਕਾਰ ਨੇ 7 ਮਈ ਨੂੰ 'ਵੰਦੇ ਭਾਰਤ ਮਿਸਨ' ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਤਹਤ ਕੋਰੋਨਾਵਾਇਰਸ ਦੇ ਕਾਰਨ ਬੰਦ ਦੌਰਾਨ ਵਿਭਿੰਨ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। 

ਮਿਸ਼ਨ ਦੇ ਪਹਿਲੇ ਪੜਾਅ ਦੇ ਤਹਿਤ ਖਾੜੀ ਦੇਸ਼ਾਂ ਅਤੇ ਅਮਰੀਕਾ, ਬ੍ਰਿਟੇਨ, ਫਿਲੀਪੀਨ, ਬੰਗਲਾਦੇਸ਼, ਮਲੇਸ਼ੀਆ ਅਤੇ ਮਾਲਦੀਵ ਆਦਿ ਤੋਂ ਕੁੱਲ 6,527 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਏਅਰ ਇੰਡੀਆ ਦੇ ਕੰਟਰੀ ਮੈਨੇਜਰ ਪੰਕਜ ਤਿਵਾਰੀ ਨੇ ਪੀ.ਟੀ.ਆਈ-ਭਾਸ਼ਾ ਨੂੰ ਕਿਹਾ,''ਏਅਰ ਇੰਡੀਆ ਨੇ ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ 25 ਮਈ ਨੂੰ ਦਿੱਲੀ-ਤੇਲ ਅਵੀਵ-ਦਿੱਲੀ ਸੈਕਟਰ ਦੇ ਲਈ ਇਕ ਉਡਾਣ ਦੀ ਯੋਜਨਾ ਬਣਾਈ ਹੈ ਅਤੇ ਅਸੀਂ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਨੂੰ ਪੂਰੀਆਂ ਕਰਨ ਲਈ ਵਚਨਬੱਧ ਹਾਂ। ਉਦਾਹਰਣ ਲਈ ਇਸ ਗੱਲ ਦਾ ਹਲਫਨਾਮਾ ਦੇਣਾ ਕਿ ਲੋਕ ਲੋੜੀਂਦੇ ਆਈਸੋਲੇਸ਼ਨ ਵਿਚ ਰਹਿਣਗੇ। ਅਸੀਂ ਉਹਨਾਂ ਇਜ਼ਰਾਈਲ ਵਸਨੀਕਾਂ ਨੂੰ ਵੀ ਇੱਥੋਂ ਪਰਤਣ ਦਾ ਪ੍ਰਸਤਾਵ ਦੇਵਾਂਗੇ ਜਿਹੜੇ ਇਸ ਸਮੇਂ ਭਾਰਤ ਵਿਚ ਹਨ ਅਤੇ ਪਰਤਣਾ ਚਾਹੁੰਦੇ ਹਨ।'' 

ਤੇਲ ਅਵੀਵ ਵਿਚ ਭਾਰਤੀ ਦੂਤਾਵਾਸ ਨੇ 15 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਇੱਥੋਂ ਪਰਤਣ ਦੇ ਚਾਹਵਾਨ ਫਸੇ ਹੋਏ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ, ਜੋ ਕੋਵਿਡ-19 ਦੇ ਕਾਰਨ ਲੱਗੀ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੇ ਕਾਰਨ ਪਹਿਲਾਂ ਨਹੀਂ ਜਾ ਸਕੇ। ਐਲਾਨ ਵਿਚ ਕਿਹਾ ਗਿਆ,''ਯਾਤਰੀਆਂ ਨੂੰ ਯਾਤਰਾ ਦਾ ਖਰਚ ਚੁੱਕਣਾ ਹੋਵੇਗਾ ਅਤੇ ਮੰਜ਼ਿਲ 'ਤੇ ਪਹੁੰਚ ਕੇ ਲੋੜੀਂਦੇ ਆਈਸੋਲੇਸ਼ਨ ਵਿਚ ਰਹਿਣਾ ਹੋਵੇਗਾ।'' ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ,''ਹੁਣ ਤੱਕ ਵਾਪਸੀ ਲਈ ਕਰੀਬ 140 ਲੋਕਾਂ ਨੇ ਸੰਪਰਕ ਕੀਤਾ ਹੈ ਜਿਹਨਾਂ ਵਿਚੋਂ 90 ਨੇ ਆਪਣਾ ਵੇਰਵਾ ਦੇ ਦਿੱਤਾ ਹੈ ਅਤੇ ਟਿਕਟ ਦਾ ਭੁਗਤਾਨ ਕਰਨ ਅਤੇ ਆਈਸੋਲੇਸ਼ਨ ਵਿਚ ਰਹਿਣ ਲਈ ਤਿਆਰ ਹਨ।'' ਜ਼ਿਆਦਾਤਰ ਲੋਕਾਂ ਦੀ ਕੇਰਲ ਵਾਪਸੀ ਦੀ ਇੱਛਾ ਨੂੰ ਦੇਖਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲੇ ਦਿੱਲੀ ਤੋ ਕੋਚੀ ਦੀ ਕਨੈਕਟਿੰਗ ਉਡਾਣ 'ਤੇ ਵੀ ਵਿਚਾਰ ਕਰ ਰਿਹਾ ਹੈ। 

ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਰਹਿਣ ਵਾਲੀ ਅਨੰਮਾ ਸਿਬੀ 2013 ਵਿਚ ਲੋਕਾਂ ਦੀ ਦੇਖਭਾਲ ਦੇ ਕੰਮ ਲਈ ਇਜ਼ਰਾਈਲ ਆਈ ਸੀ ਪਰ ਹੁਣ ਗੁਜਾਰੇ ਲਈ ਉਹ ਤੇਲ ਅਵੀਵ ਵਿਚ ਲੋਕਾਂ ਦੇ ਘਰਾਂ ਦੀ ਸਫਾਈ ਕਰ ਰਹੀ ਹੈ। ਸਿਬੀ ਨੇ ਕਿਹਾ,''ਪਿਛਲੇ ਕਰੀਬ 4 ਮਹੀਨੇ ਤੋਂ ਮੇਰੇ ਕੋਲ ਕੰਮ ਨਹੀਂ ਹੈ। ਮੇਰੇ ਕੋਲ ਪੈਸੇ ਵੀ ਨਹੀਂ ਹਨ। ਮੈਂ ਕਮਰੇ ਦਾ ਕਿਰਾਇਆ ਦੇਣਾ ਹੈ ਅਤੇ ਇਜ਼ਰਾਈਲ ਬਹੁਤ ਮਹਿੰਗਾ ਦੇਸ਼ ਹੈ। ਇਜ਼ਰਾਈਲ ਸਰਕਾਰ ਨੇ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਜਿਹੜੇ ਲੋਕ ਸਾਨੂੰ ਪਹਿਲਾਂ ਕੰਮ ਦਿੰਦੇ ਸਨ ਉਹ ਵੀ ਕੋਰੋਨਾਵਾਇਰਸ ਕਾਰਨ ਡਰੇ ਹੋਏ ਹਨ।'' ਉਸ ਨੇ ਕਿਹਾ,''ਮੈਂ ਆਪਣੇ ਪਤੀ ਅਤੇ 8 ਅਤੇ 13 ਸਾਲ ਦੇ ਦੋ ਬੇਟਿਆਂ ਦੇ ਨਾਲ ਰਹਿਣ ਲਈ ਵਾਪਸ ਜਾਣਾ ਚਾਹੁੰਦੀ ਹਾਂ। ਮੈਂ ਦੂਤਾਵਾਸ ਨੂੰ ਜਹਾਜ਼ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਨ ਦੀ ਅਪੀਲ ਕੀਤੀ ਹੈ। ਮੈਂ ਹਾਲੇ ਦੋਸਤਾਂ ਤੋਂ ਪੈਸੇ ਉਧਾਰ ਲਵਾਂਗੀ ਅਤੇ ਬਾਅਦ ਵਿਚ ਵਾਪਸ ਕਰ ਦੇਵਾਂਗੀ।'' 

ਇਸੇ ਤਰ੍ਹਾਂ ਕਰਨਾਟਕ ਵਿਚ ਮੇਂਗਲੋਰ ਦੇ ਰਹਿਣ ਵਾਲੇ 65 ਸਾਲ ਦੇ ਐਲੇਕਸ ਡਿਸੂਜ਼ਾ 13 ਸਾਲ ਤੋਂ ਬੇਤ ਸ਼ੇਮੇਸ਼ ਵਿਚ ਘਰਾਂ ਦੀ ਦੇਖਭਾਲ ਦਾ ਕੰਮ ਕਰ ਰਹੇ ਹਨ। ਉਹਨਾਂ ਦੇ ਮਾਲਕ ਦੀ ਇਸ ਸਾਲ 17 ਮਾਰਚ ਨੂੰ ਮੌਤ ਹੋ ਗਈ ਅਤੇ ਉਦੋਂ ਤੋਂ ਉਹਨਾਂ ਕੋਲ ਕੰਮ ਅਤੇ ਪੈਸਾ ਨਹੀਂ ਹੈ। ਉਹਨਾਂ ਨੇ ਕਿਹਾ,''ਮੈਂ ਉਡਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਇਹ ਨਹੀਂ ਪਤਾ ਕਿ ਮੈਨੂੰ ਕਿੰਨੀ ਰਾਸ਼ੀ ਦੇਣੀ ਪਵੇਗੀ। ਆਸ ਹੈ ਕਿ ਇਹ ਇੰਨੀ ਜ਼ਿਆਦਾ ਨਹੀਂ ਹੋਵੇਗੀ ਜਿੰਨੀ ਮੈਂ ਸੁਣੀ ਹੈ ਕਿ ਆਬੂ ਧਾਬੀ ਤੋਂ ਲੋਕਾਂ ਨੂੰ ਯਾਤਰਾ ਕਰਨ ਲਈ ਦੇਣਾ ਪਈ।''


Vandana

Content Editor

Related News