ਇਜ਼ਰਾਈਲ ਦੀ ਨਵੀਂ ਸਰਕਾਰ ਨੇ ਪਹਿਲੀ ਬਸਤੀ ਦੇ ਨਿਰਮਾਣ ਦੀ ਦਿੱਤੀ ਮਨਜ਼ੂਰੀ
Thursday, Jun 24, 2021 - 12:53 PM (IST)
ਯੇਰੂਸ਼ਲਮ (ਭਾਸ਼ਾ): ਇਜ਼ਰਾਈਲ ਦੀ ਇਕ ਰੱਖਿਆ ਮੰਤਰਾਲੇ ਬੌਡੀ ਨੇ ਬੁੱਧਵਾਰ ਨੂੰ ਵੈਸਟ ਬੈਂਕ ਵਿਚ ਬਸਤੀਆਂ ਦੇ ਨਿਰਮਾਣ ਦੇ 31 ਪ੍ਰਾਜੈਕਟਾਂ ਨੂੰ ਅੱਗੇ ਵਧਾਇਆ।ਦੇਸ਼ ਦੀ ਨਵੀਂ ਸਰਕਾਰ ਵੱਲੋਂ ਅਹੁਦਾ ਸੰਭਾਲਣ ਦੇ ਬਾਅਦ ਇਹ ਪਹਿਲਾ ਅਜਿਹਾ ਕਦਮ ਹੈ। ਇਜ਼ਰਾਇਲੀ ਮੀਡਆ ਨੇ ਖ਼ਬਰ ਦਿੱਤੀ ਕਿ ਸਿਵਲ ਪ੍ਰਸ਼ਾਸਨ ਵੱਲੋਂ ਮਨਜ਼ੂਰਸ਼ੁਦਾ ਯੋਜਨਾ ਵਿਚ ਇਕ ਖਰੀਦਾਰੀ ਕੇਂਦਰ, ਵਿਸ਼ੇਸ਼ ਲੋੜਾਂ ਵਾਲਾ ਇਕ ਸਕੂਲ, ਬੁਨਿਆਦੀ ਢਾਂਚਿਆਂ ਦੇ ਕਈ ਪ੍ਰਾਜੈਕਟ ਅਤੇ ਮੌਜੂਦਾ ਵੈਸਟ ਬੈਂਕ ਬਸਤੀਆਂ ਵਿਚ ਕੁਝ ਤਬਦੀਲੀਆਂ ਸ਼ਾਮਲ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੀ ਨਵੀਂ ਸਰਕਾਰ ਦੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਹੁੰ ਚੁੱਕ ਕੇ ਲੰਬੇ ਸਮੇਂ ਤੱਕ ਇਸ ਅਹੁਦੇ 'ਤੇ ਰਹੇ ਬੇਂਡਾਮਿਨ ਨੇਤਨਯਾਹੂ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਕਈ ਅੰਤਰਰਾਸ਼ਟਰੀ ਭਾਈਚਾਰੇ ਇਜ਼ਰਾਇਲੀ ਬਸਤੀ ਨਿਰਮਾਣ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਗੈਰ ਕਾਨੂੰਨੀ ਅਤੇ ਫਿਲਸਤੀਨੀਆਂ ਨਾਲ ਸ਼ਾਂਤੀ ਸਥਾਪਿਤ ਕਰਨ ਵਿਚ ਰੁਕਾਵਟ ਮੰਨਦੇ ਹਨ। 1967 ਦੇ ਮੱਧ ਪੂਰਬ ਯੁੱਧ ਵਿਚ ਖੇਤਰ 'ਤੇ ਕਬਜ਼ਾ ਕਰਨ ਮਗਰੋਂ ਇਜ਼ਰਾਈਲ ਨੇ ਵੈਸਟ ਬੈਂਕ ਵਿਚ ਦਰਜਨਾਂ ਬਸਤੀਆਂ ਦਾ ਨਿਰਮਾਣ ਕੀਤਾ ਹੈ ਜਿੱਥੇ 4 ਲੱਖ ਤੋਂ ਵੱਧ ਇਜ਼ਰਾਇਲੀ ਕਰੀਬ 30 ਲੱਖ ਫਿਲਸਤੀਨੀਆਂ ਦੇ ਨਾਲ-ਨਾਲ ਰਹਿ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵਇਰਸ ਦੇ 'ਡੈਲਟਾ' ਵੈਰੀਐਂਟ ਦੇ ਹਾਵੀ ਹੋਣ ਦਾ ਖਦਸ਼ਾ, 85 ਦੇਸ਼ਾਂ 'ਚ ਸਾਹਮਣੇ ਆਏ ਮਾਮਲੇ
ਫਿਲਸਤੀਨੀ ਵੈਸਟ ਬੈਂਕ ਨੂੰ ਭਵਿੱਖ ਦੇ ਸੁਤੰਤਰ ਰਾਸ਼ਟਰ ਦੇ ਮੁੱਖ ਹਿੱਸੇ ਦੇ ਤੌਰ 'ਤੇ ਦੇਖਦੇ ਹਨ। ਦੋਹਾਂ ਪੱਖਾਂ ਵਿਚਕਾਰ ਸ਼ਾਂਤੀ ਵਾਰਤਾ ਕਈ ਸਾਲਾਂ ਤੋਂ ਬੰਦ ਹੈ। ਅਮਰੀਕਾ ਨੇ ਇਜ਼ਰਾਇਲ ਅਤੇ ਫਿਲਸਤੀਨੀ ਦੋਹਾਂ ਤੋਂ ਅਜਿਹੇ ਕੰਮਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਜੋ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪਾਉਂਦੀਆਂ ਹਨ। ਇਹਨਾਂ ਵਿਚ ਬਸਤੀਆਂ ਦਾ ਨਿਰਮਾਣ ਵੀ ਸ਼ਾਮਲ ਹੈ।