ਇਜ਼ਰਾਈਲੀ ਫੌਜ ਨੇ ਹਮਾਸ ਦੀ ਕੈਦ ਤੋਂ ਬੰਧਕ ਨੂੰ ਛੁਡਵਾਇਆ, ਗਾਜ਼ਾ ''ਚ ਜੰਮ ਕੇ ਮਚਾਈ ਤਬਾਹੀ

Tuesday, Aug 27, 2024 - 09:19 PM (IST)

ਇੰਟਰਨੈਸ਼ਨਲ ਡੈਸਕ : ਲੇਬਨਾਨ 'ਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਜੰਗ ਭਾਵੇਂ ਰੁਕ ਗਈ ਹੋਵੇ, ਪਰ ਇਜ਼ਰਾਈਲੀ ਫੌਜ ਗਾਜ਼ਾ ਵਿੱਚ ਤਬਾਹੀ ਮਚਾ ਰਹੀ ਹੈ। ਸੋਮਵਾਰ ਨੂੰ ਇਕ ਵਾਰ ਫਿਰ ਗਾਜ਼ਾ 'ਚ ਰਹਿ ਰਹੇ ਫਲਸਤੀਨੀਆਂ 'ਤੇ ਜ਼ਬਰਦਸਤ ਹਵਾਈ ਹਮਲਾ ਕੀਤਾ ਗਿਆ। ਦੀਰ ਅਲ-ਬਲਾਹ ਵਿਚ ਇਕ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ ਵਿਚ ਚਾਰ ਬੱਚਿਆਂ ਅਤੇ ਇਕ ਔਰਤ ਸਮੇਤ ਘੱਟੋ-ਘੱਟ ਸੱਤ ਲੋਕ ਮਾਰੇ ਗਏ ਹਨ, ਜਦੋਂ ਕਿ ਇਕ ਦਰਜਨ ਲੋਕ ਜ਼ਖਮੀ ਹੋ ਗਏ ਹਨ।

ਇਸ ਦੇ ਨਾਲ ਹੀ, IDF ਅਤੇ ISA ਨੇ ਗਾਜ਼ਾ ਵਿੱਚ ਇੱਕ 52 ਸਾਲਾ ਬੰਧਕ ਕਾਇਦ ਫਰਹਾਨ ਅਲਕਾਦੀ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਕਾਇਦ ਨੂੰ 7 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਹਮਾਸ ਦੇ ਲੜਾਕਿਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਗਾਜ਼ਾ ਲਿਆਂਦਾ ਗਿਆ ਅਤੇ ਬੰਧਕ ਬਣਾ ਲਿਆ ਗਿਆ। ਆਈਡੀਐੱਫ ਮੁਤਾਬਕ ਰਿਹਾਅ ਕੀਤੇ ਗਏ ਬੰਧਕ ਦੀ ਹਾਲਤ ਸਥਿਰ ਹੈ। ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਉਸ ਦੇ ਪਰਿਵਾਰ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ।

ਦੂਜੇ ਪਾਸੇ ਗਾਜ਼ਾ 'ਚ ਇਜ਼ਰਾਇਲੀ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਸੰਯੁਕਤ ਰਾਸ਼ਟਰ ਦੀਰ ਅਲ-ਬਲਾਹ 'ਚ ਪੋਲੀਓ ਰੋਕਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੇ 6 ਲੱਖ 40 ਹਜ਼ਾਰ ਬੱਚਿਆਂ ਨੂੰ ਪੋਲੀਓ ਦਾ ਟੀਕਾਕਰਨ ਕੀਤਾ ਜਾਵੇਗਾ ਅਤੇ ਇਸ ਦੇ ਲਈ ਵੈਕਸੀਨ ਦੀ ਖੇਪ ਦੀਰ ਅਲ-ਬਲਾਹ ਨੂੰ ਪਹਿਲਾਂ ਹੀ ਪਹੁੰਚਾ ਦਿੱਤੀ ਗਈ ਹੈ। ਇਸ ਤਹਿਤ ਲਗਭਗ 12 ਲੱਖ ਟੀਕਿਆਂ ਦੀਆਂ ਖੁਰਾਕਾਂ ਲਿਆਂਦੀਆਂ ਜਾ ਰਹੀਆਂ ਹਨ। ਪਰ ਇਸ ਦੌਰਾਨ ਜੰਗ ਇੱਕ ਰੁਕਾਵਟ ਬਣ ਰਹੀ ਹੈ।

ਪਿਛਲੇ 25 ਸਾਲਾਂ ਵਿਚ ਪਹਿਲੀ ਵਾਰ ਗਾਜ਼ਾ ਵਿਚ ਪੋਲੀਓ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਇੱਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਇੱਕ 10 ਮਹੀਨੇ ਦਾ ਬੱਚਾ ਪੋਲੀਓ ਤੋਂ ਪੀੜਤ ਪਾਇਆ ਗਿਆ ਸੀ। ਇਸ ਦੇ ਨਾਲ ਹੀ ਗਾਜ਼ਾ ਦੇ ਦੋ ਵੱਡੇ ਸ਼ਹਿਰਾਂ ਦੇ ਗੰਦੇ ਪਾਣੀ ਵਿਚ ਪੋਲੀਓ ਵਾਇਰਸ ਪਾਇਆ ਗਿਆ। ਪਿਛਲੇ 10 ਮਹੀਨਿਆਂ ਤੋਂ ਜਾਰੀ ਇਜ਼ਰਾਈਲੀ ਬੰਬਾਰੀ ਤੋਂ ਬਚਣ ਲਈ ਹਜ਼ਾਰਾਂ ਫਲਸਤੀਨੀ ਤੰਬੂਆਂ ਵਿੱਚ ਰਹਿ ਰਹੇ ਹਨ।


Baljit Singh

Content Editor

Related News