ਮੱਕਾ-ਜੇਦਾਹ ''ਚ ਭਾਰੀ ਮੀਂਹ ਕਾਰਨ ''ਤਬਾਹੀ''! ਸੜਕਾਂ ਬਣੀਆਂ ਝੀਲਾਂ, ਰੈੱਡ ਅਲਰਟ ਜਾਰੀ

Wednesday, Dec 10, 2025 - 05:10 PM (IST)

ਮੱਕਾ-ਜੇਦਾਹ ''ਚ ਭਾਰੀ ਮੀਂਹ ਕਾਰਨ ''ਤਬਾਹੀ''! ਸੜਕਾਂ ਬਣੀਆਂ ਝੀਲਾਂ, ਰੈੱਡ ਅਲਰਟ ਜਾਰੀ

ਵੈੱਬ ਡੈਸਕ : ਸਊਦੀ ਅਰਬ ਦੇ ਮੱਕਾ (Mecca), ਜੇਦਾਹ (Jeddah) ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਅਚਾਨਕ ਬਹੁਤ ਤੇਜ਼ ਮੀਂਹ ਪਿਆ, ਜਿਸ ਕਾਰਨ ਕੁਝ ਹੀ ਮਿੰਟਾਂ ਵਿੱਚ ਸੜਕਾਂ ਨੇ ਝੀਲਾਂ ਦਾ ਰੂਪ ਲੈ ਲਿਆ। ਆਮ ਤੌਰ 'ਤੇ ਗਰਮ ਅਤੇ ਰੇਗਿਸਤਾਨੀ ਮੰਨੇ ਜਾਣ ਵਾਲੇ ਇਨ੍ਹਾਂ ਖੇਤਰਾਂ ਵਿੱਚ ਅਜਿਹਾ ਦ੍ਰਿਸ਼ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। 

ਦੁਪਹਿਰ ਤੱਕ ਭਾਰੀ ਬਾਰਿਸ਼ ਸ਼ੁਰੂ ਹੋਈ ਅਤੇ ਪਾਣੀ ਸੜਕਾਂ 'ਤੇ ਭਰਨ ਲੱਗਾ, ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹਾਲਾਤ ਸਭ ਤੋਂ ਖ਼ਰਾਬ ਰਹੇ। ਕਈ ਥਾਵਾਂ 'ਤੇ ਆਵਾਜਾਈ ਰੁਕ ਗਈ ਅਤੇ ਗੱਡੀਆਂ ਪਾਣੀ ਵਿੱਚ ਡੁੱਬਦੀਆਂ ਨਜ਼ਰ ਆਈਆਂ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਸਾਂਝੇ ਕੀਤੇ ਗਏ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਪਾਣੀ ਕੁਝ ਹੀ ਮਿੰਟਾਂ ਵਿੱਚ ਕਾਰਾਂ ਦੇ ਬੋਨਟ ਤੱਕ ਪਹੁੰਚ ਗਿਆ।

ਸਕੂਲ ਬੰਦ ਅਤੇ ਅੰਤਰਰਾਸ਼ਟਰੀ ਸਮਾਗਮ ਰੱਦ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੇ ਸੋਮਵਾਰ ਰਾਤ ਨੂੰ ਹੀ ਸਕੂਲਾਂ ਨੂੰ ਬੰਦ ਕਰਨ ਅਤੇ ਆਨਲਾਈਨ ਕਲਾਸਾਂ ਦਾ ਆਦੇਸ਼ ਦੇ ਦਿੱਤਾ ਸੀ। ਸਊਦੀ ਮੌਸਮ ਵਿਭਾਗ (NCM) ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਮੱਕਾ, ਜੇਦਾਹ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਬਹੁਤ ਤੇਜ਼ ਮੀਂਹ, ਗੜ੍ਹੇਮਾਰੀ, ਤੇਜ਼ ਹਵਾਵਾਂ ਅਤੇ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਹੈ। ਸਿਵਲ ਡਿਫੈਂਸ ਨੇ ਲੋਕਾਂ ਨੂੰ ਸਾਫ਼ ਕਿਹਾ ਹੈ ਕਿ ਉਹ ਹੇਠਲੇ ਇਲਾਕਿਆਂ ਵਿੱਚ ਨਾ ਜਾਣ ਅਤੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਣ।

ਇਸ ਭਾਰੀ ਮੀਂਹ ਦਾ ਅਸਰ ਜੇਦਾਹ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਸਮਾਗਮਾਂ 'ਤੇ ਵੀ ਪਿਆ। ਜੇਦਾਹ ਵਿੱਚ ਚੱਲ ਰਹੇ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਅਚਾਨਕ ਰੋਕਣਾ ਪਿਆ ਅਤੇ ਸ਼ਾਮ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਖਰਾਬ ਮੌਸਮ ਅਜੇ ਖਤਮ ਨਹੀਂ ਹੋਇਆ ਹੈ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਮਦੀਨਾ, ਤਬੂਕ, ਅਲ ਜੌਫ ਅਤੇ ਉੱਤਰੀ ਖੇਤਰਾਂ ਤੱਕ ਮੀਂਹ ਫੈਲਣ ਦੀ ਸੰਭਾਵਨਾ ਹੈ। ਕਈ ਥਾਵਾਂ 'ਤੇ ਗੜ੍ਹੇ ਅਤੇ ਧੂੜ ਭਰੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ।


author

Baljit Singh

Content Editor

Related News