ਇਜ਼ਰਾਈਲ ਨੇ ਕੀਤਾ ਰਫਾਹ ਬਾਰਡਰ ਕਰਾਸਿੰਗ ਖੋਲ੍ਹਣ ਦਾ ਐਲਾਨ
Monday, Feb 02, 2026 - 12:47 PM (IST)
ਕਾਇਰੋ (ਭਾਸ਼ਾ) : ਇਜ਼ਰਾਈਲ ਨੇ ਗਾਜ਼ਾ ਅਤੇ ਮਿਸਰ ਵਿਚਕਾਰ ਰਫਾਹ ਬਾਰਡਰ ਕਰਾਸਿੰਗ ਨੂੰ ਸੀਮਤ ਫਲਸਤੀਨੀ ਆਵਾਜਾਈ ਲਈ ਪ੍ਰਯੋਗਾਤਮਕ ਤੌਰ ’ਤੇ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਕਦਮ ਨੂੰ ਇਜ਼ਰਾਈਲ-ਹਮਾਸ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਐਤਵਾਰ ਨੂੰ ਰਫਾਹ ਸਰਹੱਦ ’ਤੇ ਚਹਿਲ-ਪਹਿਲ ਦੇਖੀ ਗਈ। ਇਜ਼ਰਾਈਲੀ ਫੌਜੀ ਏਜੰਸੀ ਸੀ. ਓ. ਜੀ. ਏ. ਟੀ. ਨੇ ਕਿਹਾ ਕਿ ਕਰਾਸਿੰਗ ਨੂੰ ਪੂਰੀ ਤਰ੍ਹਾਂ ਸੰਚਾਲਨ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਗਾਜ਼ਾ ਵਾਸੀ ਇਥੋਂ ਆਵਾਜਾਈ ਕਰ ਸਕਣਗੇ। ਮਿਸਰੀ ਅਧਿਕਾਰੀਆਂ ਨੇ ਦੱਸਿਆ ਕਿ ਫਲਸਤੀਨੀ ਸੁਰੱਖਿਆ ਅਧਿਕਾਰੀ ਮਿਸਰ ਵਾਲੇ ਗੇਟ ਰਾਹੀਂ ਕਰਾਸਿੰਗ ਵਿਚ ਦਾਖਲ ਹੋਏ ਅਤੇ ਯੂਰਪੀਅਨ ਯੂਨੀਅਨ ਮਿਸ਼ਨ ਤਹਿਤ ਪ੍ਰਵੇਸ਼ ਅਤੇ ਨਿਕਾਸ ਦੀ ਨਿਗਰਾਨੀ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਸ਼ੁਰੂ ਵਿਚ 50 ਮਰੀਜ਼ਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਹਰ ਮਰੀਜ਼ ਦੇ ਨਾਲ 2 ਪਰਿਵਾਰਕ ਮੈਂਬਰਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਯੁੱਧ ਦੌਰਾਨ ਗਾਜ਼ਾ ਛੱਡਣ ਵਾਲੇ ਲਗਭਗ 50 ਲੋਕਾਂ ਨੂੰ ਰੋਜ਼ਾਨਾ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਪ੍ਰਕਿਰਿਆ ਦੀ ਨਿਗਰਾਨੀ ਯੂਰਪੀਅਨ ਯੂਨੀਅਨ ਦੇ ਸਰਹੱਦੀ ਗਸ਼ਤੀ ਏਜੰਟ ਕਰਨਗੇ।
