ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

Wednesday, Apr 01, 2026 - 04:58 PM (IST)

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

ਬਿਊਨਸ ਆਇਰਸ (ਵਾਰਤਾ): ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦੇ ਦਰਮਿਆਨ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਨੇ ਇੱਕ ਵੱਡਾ ਕੂਟਨੀਤਕ ਕਦਮ ਚੁੱਕਿਆ ਹੈ। ਅਰਜਨਟੀਨਾ ਨੇ ਈਰਾਨ ਦੇ ਪ੍ਰਮੁੱਖ ਸੈਨਿਕ ਸੰਗਠਨ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ' (IRGC) ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ।

ਟਰੰਪ ਦੀਆਂ ਨੀਤੀਆਂ ਦੇ ਅਨੁਕੂਲ ਹੈ ਫੈਸਲਾ 

ਅਰਜਨਟੀਨਾ ਦੇ ਰਾਸ਼ਟਰਪਤੀ ਜਾਵੀਅਰ ਮਾਈਲੀ ਦਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿੱਚ ਦੇਖਿਆ ਜਾ ਰਿਹਾ ਹੈ। ਅਰਜਨਟੀਨਾ ਦਾ ਇਹ ਫੈਸਲਾ ਅਮਰੀਕਾ ਦੀ ਉਸ ਨੀਤੀ ਦੇ ਅਨੁਕੂਲ ਹੈ ਜਿਸ ਤਹਿਤ ਉਹ ਆਪਣੇ ਸਹਿਯੋਗੀ ਦੇਸ਼ਾਂ ਨੂੰ IRGC ਵਿਰੁੱਧ ਸਖ਼ਤ ਰੁਖ ਅਪਨਾਉਣ ਦੀ ਅਪੀਲ ਕਰ ਰਿਹਾ ਹੈ।

ਅਰਜਨਟੀਨਾ ਸਰਕਾਰ ਦਾ ਮੰਨਣਾ ਹੈ ਕਿ IRGC ਨੇ ਲੈਬਨਾਨੀ ਸੰਗਠਨ ਹਿਜ਼ਬੁੱਲ੍ਹਾ ਨੂੰ ਸਮਰਥਨ ਦਿੱਤਾ ਸੀ, ਜੋ ਅਰਜਨਟੀਨਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ। ਇਹ ਹਮਲਾ ਸਾਲ 1994 ਵਿੱਚ ਬਿਊਨਸ ਆਇਰਸ ਸਥਿਤ 'AMIA ਯਹੂਦੀ ਕਮਿਊਨਿਟੀ ਸੈਂਟਰ' 'ਤੇ ਹੋਇਆ ਸੀ, ਜਿਸ ਵਿੱਚ 85 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ।

IRGC 'ਤੇ ਲੱਗਣਗੀਆਂ ਸਖ਼ਤ ਵਿੱਤੀ ਪਾਬੰਦੀਆਂ 

ਇਸ ਫੈਸਲੇ ਤੋਂ ਬਾਅਦ ਹੁਣ IRGC ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਵਿੱਤੀ ਪਾਬੰਦੀਆਂ ਲਗਾਈਆਂ ਜਾ ਸਕਣਗੀਆਂ। ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਵੀ ਕਰੜੀ ਨਜ਼ਰ ਅਤੇ ਨਿਯੰਤਰਣ ਰੱਖਿਆ ਜਾਵੇਗਾ, ਜਿਸ ਨਾਲ ਅਰਜਨਟੀਨਾ ਨੂੰ ਅੱਤਵਾਦੀ ਨੈੱਟਵਰਕ ਖਿਲਾਫ ਕਾਰਵਾਈ ਕਰਨ ਵਿੱਚ ਮਜ਼ਬੂਤੀ ਮਿਲੇਗੀ । ਦੱਸ ਦੇਈਏ ਕਿ IRGC ਈਰਾਨ ਦੀ ਇੱਕ ਵਿਸ਼ੇਸ਼ ਸੈਨਿਕ ਇਕਾਈ ਹੈ, ਜੋ ਦੇਸ਼ ਦੀ ਆਰਥਿਕਤਾ ਦੇ ਕਈ ਅਹਿਮ ਖੇਤਰਾਂ 'ਤੇ ਪ੍ਰਭਾਵ ਰੱਖਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਕਈ ਹੋਰ ਦੇਸ਼ ਪਹਿਲਾਂ ਹੀ IRGC ਅਤੇ ਹਿਜ਼ਬੁੱਲ੍ਹਾ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਚੁੱਕੇ ਹਨ। ਅਰਜਨਟੀਨਾ ਦਾ ਇਹ ਕਦਮ ਵਿਸ਼ਵ ਪੱਧਰ 'ਤੇ ਈਰਾਨ ਵਿਰੁੱਧ ਵਧਦੇ ਦਬਾਅ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਰਜਨਟੀਨਾ ਸਰਕਾਰ ਨੇ ਮੈਕਸੀਕੋ ਦੇ ਇੱਕ ਡਰੱਗ ਕਾਰਟੇਲ ਨੂੰ ਵੀ ਅੱਤਵਾਦੀ ਘੋਸ਼ਿਤ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News