ਇਜ਼ਰਾਈਲ ਨੇ ਗਾਜ਼ਾ ''ਚ ਮਚਾਈ ਤਬਾਹੀ, 213 ਲੋਕਾਂ ਦੀ ਮੌਤ ਤੇ ਕੋਵਿਡ ਲੈਬ ਤਬਾਹ

Wednesday, May 19, 2021 - 09:53 AM (IST)

ਯੇਰੂਸ਼ਲਮ (ਬਿਊਰੋ): ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਤਣਾਅ ਵੱਧਦਾ ਹੀ ਜਾ ਰਿਹਾ ਹੈ। ਹਮਾਸ ਵੱਲੋਂ ਇਜ਼ਰਾਈਲ 'ਤੇ ਰਾਕੇਟ ਦਾਗੇ ਜਾ ਰਹੇ ਹਨ। ਜਵਾਬ ਵਿਚ ਇਜ਼ਰਾਈਲ ਵੱਲੋਂ ਏਅਰਸਟ੍ਰਾਈਕ ਕੀਤੀ ਜਾ ਰਹੀ ਹੈ। ਇਹ ਸਭ ਫਿਲਸਤੀਨ ਦੇ ਦੂਜੇ ਹਿੱਸੇ ਮਤਲਬ ਗਾਜ਼ਾ ਵਿਚ ਹੋ ਰਿਹਾ ਹੈ। ਇਜ਼ਰਾਈਲ ਦੀ ਏਅਰਸਟ੍ਰਾਈਕ ਵਿਚ ਗਾਜ਼ਾ ਸਥਿਤ ਇਕਲੌਤੀ ਕੋਰੋਨਾ ਟੈਸਟਿੰਗ ਲੈਬ ਤਬਾਹ ਹੋ ਗਈ ਹੈ।ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸਲਾਮਿਕ ਸਮੂਹ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਲੜਾਈ ਦਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। 

ਇਜ਼ਰਾਈਲ ਵੱਲੋਂ ਰਿਹਾਇਸ਼ੀ ਇਲਾਕਿਆਂ ਵਿਚ ਕੀਤੀ ਗਈ ਬੰਬਾਰੀ ਵਿਚ ਹੁਣ ਤੱਕ 213 ਫਿਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ 61 ਬੱਚੇ ਸ਼ਾਮਲ ਹਨ। ਇਸ ਦੇ ਇਲਾਵਾ 1400 ਤੋਂ ਵੱਧ ਲੋਕ ਜ਼ਖਮੀ ਹਨ। ਯੂਨਾਈਟਿਡ ਨੇਸ਼ਨ (ਯੂ.ਐੱਨ.) ਨੇ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਚੱਲ ਰਹੀ ਇਸ ਹਿੰਸਾ ਨੂੰ 'ਮਨੁੱਖੀ ਆਫਤ' ਦਾ ਨਾਮ ਦਿੱਤਾ ਹੈ। ਯੂ.ਐੱਨ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਏਅਰਸਟ੍ਰਾਈਕ ਦੇ ਕਾਰਨ ਹੁਣ ਤੱਕ 40 ਹਜ਼ਾਰ ਫਿਲਸਤੀਨੀਆਂ ਨੂੰ ਭੱਜਣਾ ਪਿਆ ਹੈ ਅਤੇ ਕਰੀਬ 2400 ਫਿਲਸਤੀਨੀਆਂ ਨੂੰ ਆਪਣਾ ਘਰ ਗਵਾਉਣਾ ਪਿਆ ਹੈ। ਭਾਵੇਂਕਿ ਇਸ ਹਿੰਸਾ ਦਾ ਨੁਕਸਾਨ ਸਿਰਫ ਫਿਲਸਤੀਨ ਨੂੰ ਹੀ ਨਹੀਂ ਹੋਇਆ ਸਗੋਂ ਦੋਹੀਂ ਪਾਸੀ ਹੋ ਰਿਹਾ ਹੈ। ਇਜ਼ਰਾਈਲ ਵੱਲੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 12 ਹੋ ਗਈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਬੱਸ 'ਤੇ ਗੋਲੀਬਾਰੀ, 2 ਔਰਤਾਂ ਦੀ ਮੌਤ ਤੇ 5 ਹੋਰ ਜ਼ਖਮੀ

ਇਕਲੌਤੀ ਕੋਵਿਡ ਲੈਬ ਹੋਈ ਤਬਾਹ
ਹਾਲ ਹੀ ਵਿਚ ਹਮਾਸ ਨੇ ਦੱਖਣੀ ਏਸ਼ਕੋਲ ਖੇਤਰ ਵਿਚ ਰਾਕੇਟ ਦਾਗੇ, ਜਿਸ ਵਿਚ ਇਕ ਕਾਰਖਾਨੇ ਵਿਚ ਕੰਮ ਕਰਨ ਵਾਲੇ ਦੋ ਥਾਈ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਹਮਾਸ ਦੇ ਰਾਕੇਟ ਦੀ ਚਪੇਟ ਵਿਚ ਆ ਕੇ ਕੇਰਲ ਦੀ ਇਕ ਭਾਰਤੀ ਔਰਤ ਦੀ ਵੀ ਮੌਤ ਹੋ ਗਈ ਸੀ, ਜੋ ਉੱਥੇ ਨਰਸ ਦਾ ਕੰਮ ਕਰ ਰਹੀ ਸੀ। ਇਜ਼ਰਾਈਲ ਦੀ ਏਅਰਸਟ੍ਰਾਈਕ ਵਿਚ ਗਾਜ਼ਾ ਸਥਿਤ ਇਕਲੌਤੀ ਕੋਵਿਡ ਟੈਸਟਿੰਗ ਲੈਬ ਤਬਾਹ ਹੋ ਗਈ ਹੈ। ਇਸ ਕਾਰਨ ਫਿਲਸਤੀਨੀਆਂ ਦੀ ਮੁਸੀਬਤ ਹੋਰ ਵੱਧ ਗਈ ਹੈ। ਗਾਜ਼ਾ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇੱਥੇ ਪਾਜ਼ੇਟਿਵਟੀ ਰੇਟ ਕਰੀਬ 28 ਫੀਸਦੀ ਹੈ। 

ਕੋਰੋਨਾ ਮਰੀਜ਼ਾਂ ਦਾ ਇਲਾਜ ਉਹਨਾਂ ਹਸਪਤਾਲਾਂ ਵਿਚ ਹੁੰਦਾ ਹੈ ਜਿਸ 'ਤੇ 15 ਸਾਲ ਤੋਂ ਇਜ਼ਰਾਈਲ ਦੀ ਨਾਕਾਬੰਦੀ ਹੈ। ਇੱਥੇ ਮਰੀਜ਼ ਭਰੇ ਹੋਏ ਹਨ। ਗਾਜ਼ਾ ਦੀ ਆਬਾਦੀ ਕਰੀਬ 2 ਮਿਲੀਅਨ ਦੱਸੀ ਜਾ ਰਹੀ ਹੈ। ਇਜ਼ਰਾਈਲ ਦੀ ਏਅਰਸਟ੍ਰਾਈਕ ਕਾਰਨ ਗਾਜ਼ਾ ਦੇ ਕਈ ਘਰ ਤਬਾਹ ਹੋ ਚੁੱਕੇ ਹਨ। ਰੋਜ਼ਾਨਾ ਆਸਮਾਨ ਵਿਚ ਅੱਗ ਦੇ ਗੋਲੇ, ਮਲਬਾ ਅਤੇ ਕਾਲਾ ਧੂੰਆਂ ਦਿਸ ਰਿਹਾ ਹੈ।ਗਾਜ਼ਾ ਸ਼ਹਿਰ ਦੇ 70 ਸਾਲਾ ਨਾਜ਼ਮੀ ਅਲ-ਦਹਦੀਬ ਨੇ ਕਿਹਾ ਕਿ ਉਹਨਾਂ ਨੇ ਸਾਡੇ ਘਰਾਂ ਨੂੰ ਨਸ਼ਟ ਕਰ ਦਿੱਤਾ ਪਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਸਾਨੂੰ ਨਿਸ਼ਾਨਾ ਕਿਉਂ ਬਣਾਇਆ। 

ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਹਿੰਸਕ ਸੰਘਰਸ਼ ਦੀ ਸ਼ੁਰੂਆਤ 10 ਮਈ ਨੂੰ ਹੋਈ ਸੀ ਜਦੋਂ ਗਾਜ਼ਾ ਪੱਟੀ ਤੋਂ ਹਮਾਸ ਨੇ ਕਰੀਬ 3500 ਰਾਕੇਟ ਦਾਗੇ ਸਨ। ਇਹਨਾਂ ਵਿਚੋਂ ਜ਼ਿਆਦਾਤਰ ਰਾਕੇਟ ਨੂੰ ਇਜ਼ਰਾਈਲ ਦੇ ਆਇਰਨ ਡੋਮ ਨੇ ਹਵਾ ਵਿਚ ਹੀ ਤਬਾਹ ਕਰ ਦਿੱਤਾ ਸੀ ਪਰ ਕੁਝ ਰਾਕੇਟ ਆਬਾਦੀ ਵਿਚ ਡਿੱਗੇ ਸਨ, ਜਿਸ ਕਾਰਨ ਤਬਾਹੀ ਹੋਈ ਸੀ। ਇਸ ਮਗਰੋਂ ਇਜ਼ਰਾਈਲ ਏਅਰਸਟ੍ਰਾਈਕ ਜ਼ਰੀਏ ਹਮਾਸ ਨੂੰ ਜਵਾਬ ਦੇ ਰਿਹਾ ਹੈ।

ਨੋਟ- ਇਜ਼ਰਾਈਲ ਨੇ ਗਾਜ਼ਾ 'ਚ ਮਚਾਈ ਤਬਾਹੀ, 213 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News