ਮਾਂ ਦੇ ਦੁੱਧ ਤੋਂ ਵਾਂਝੇ ਬੱਚਿਆਂ ਲਈ ਮਨੁੱਖੀ ਦੁੱਧ ਬੈਂਕ ''ਤੇ ਇਸਲਾਮਿਕ ਵਿਦਵਾਨਾਂ ਨੇ ਜਤਾਇਆ ਇਤਰਾਜ਼
Monday, Dec 30, 2019 - 07:43 PM (IST)

ਢਾਕਾ (ਭਾਸ਼ਾ)- ਵੈਸੇ ਬੱਚੇ ਜਿਨ੍ਹਾਂ ਦੀ ਮਾਂ ਦਾ ਦੇਹਾਂਤ ਉਨ੍ਹਾਂ ਦੇ ਜਨਮ ਤੋਂ ਬਾਅਦ ਹੋ ਜਾਂਦਾ ਹੈ ਜਾਂ ਮਾਂ ਦੇ ਦੁੱਧ ਤੋਂ ਵਾਂਝੇ ਰਹਿੰਦੇ ਹਨ ਉਨ੍ਹਾਂ ਨੂੰ ਮਨੁੱਖੀ ਦੁੱਧ ਮੁਹੱਈਆ ਕਰਵਾਉਣ ਲਈ ਬੰਗਲਾਦੇਸ਼ ਨੇ ਪਹਿਲਾ ਮਨੁੱਖੀ ਦੁੱਧ ਬੈਂਕ ਤਿਆਰ ਕਰਨ ਦੀ ਯੋਜਨਾ ਬਣਾਈ ਸੀ ਪਰ ਹੁਣ ਧਾਰਮਿਕ ਵਿਵਾਦ ਨੂੰ ਦੇਖਦੇ ਹੋਏ ਫਿਲਹਾਲ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸਲਾਮਿਕ ਵਿਦਵਾਨਾਂ ਦੇ ਇਕ ਤਬਕੇ ਨੇ ਇਸ ਯੋਜਨਾ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਇਸ ਨਾਲ ਇਕ ਹੀ ਮਹਿਲਾ ਦਾ ਦੁੱਧ ਪੀਣ ਵਾਲੇ ਲੜਕੇ-ਲੜਕੀਆਂ ਵਿਚਾਲੇ ਵਿਆਹ ਨੂੰ ਲੈ ਕੇ ਖਤਰਾ ਪੈਦਾ ਹੁੰਦਾ ਹੈ ਜੋ ਕਿ ਇਸਲਾਮ ਵਿਚ ਹਰਾਮ ਹੈ। ਬੀ.ਡੀ. ਨਿਊਜ਼ ਦੀ ਖਬਰ ਮੁਤਾਬਕ ਬੰਗਲਾਦੇਸ਼ ਦਾ ਸਰਕਾਰੀ ਇੰਸਟੀਚਿਊਟ ਆਫ ਚਾਈਲਡ ਐਂਡ ਮਦਰ ਹੈਲਥ (ਆਈ.ਸੀ.ਐਮ.ਐਚ.) ਇਸ ਬੈਂਕ ਦੀ ਸ਼ੁਰੂਆਤ ਕਰਨ ਵਾਲਾ ਸੀ। ਪਰ ਜਦੋਂ ਇਹ ਯੋਜਨਾ ਜਨਤਕ ਕੀਤੀ ਗਈ ਤਾਂ ਇਸਲਾਮਿਕ ਵਿਦਵਾਨਾਂ ਦੇ ਇਕ ਤਬਕੇ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ।
ਇਨ੍ਹਾਂ ਵਿਦਵਾਨਾਂ ਦਾ ਦਾਅਵਾ ਹੈ ਕਿ ਇਸ ਨਾਲ ਕਾਨੂੰਨੀ ਅਤੇ ਧਾਰਮਿਕ ਉਲਝਨਾਂ ਪੈਦਾ ਹੋਣਗੀਆਂ। ਆਈ.ਸੀ.ਐਮ.ਐਚ. ਨੇ ਇਸ ਯੋਜਨਾ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਪ੍ਰਾਜੈਕਟ ਕੋ-ਆਰਡੀਨੇਟਰ ਡਾਕਟਰ ਮੁਜਬੀਰ ਰਹਿਮਾਨ ਨੂੰ ਇਹ ਕਹਿੰਦੇ ਹੋਏ ਨਿਊਜ਼ ਵਿਚ ਹਵਾਲਾ ਦਿੱਤਾ ਗਿਆ, ਅਸੀਂ ਅਜੇ ਇਸ ਯੋਜਨਾ 'ਤੇ ਰੋਕ ਲਗਾ ਦਿੱਤੀ ਹੈ। ਇਸਲਾਮ ਅੰਦੋਲਨ ਬੰਗਲਾਦੇਸ਼ ਦੇ ਸੰਯੁਕਤ ਜਨਰਲ ਸਕੱਤਰ ਅਤੇ ਨੈਸ਼ਨਲ ਉਲੇਮਾ ਮਸ਼ਾਈਕ ਆਈਮਾ ਕੌਂਸਲ ਦੇ ਜਨਰਲ ਸਕੱਤਰ ਗਾਜ਼ੀ ਅਤੁਰ ਰਹਿਮਾਨ ਨੇ ਕਿਹਾ ਕਿ ਆਈ.ਸੀ.ਐਮ.ਐਚ. ਨੂੰ ਇਸ ਸੰਵੇਦਨਸ਼ੀਲ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸਲਾਮਿਕ ਨੇਤਾਵਾਂ ਨਾਲ ਸੰਪਰਕ ਕਰਨਾ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸਲਾਮਿਕ ਵਿਦਵਾਨ ਇਸ ਦਾ ਉਦੋਂ ਤੱਕ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਕਿ ਇਹ ਤੈਅ ਨਹੀਂ ਹੋ ਜਾਂਦਾ ਕਿ ਇਸ ਦੀ ਪੂਰੀ ਪ੍ਰਕਿਰਿਆ ਕੀ ਹੈ। ਹਾਲਾਂਕਿ ਢਾਕਾ ਸ਼ਿਸ਼ੂ ਹਸਪਤਾਲ ਦੇ ਪ੍ਰੋਫੈਸਰ ਮਹਿਬੁਬੁਲ ਹਕ ਨੇ ਕਿਹਾ ਕਿ ਮਨੁੱਖੀ ਦੁੱਧ ਤੋਂ ਵਾਂਝੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਨਵਜਾਤ ਫਾਰਮੂਲਾ ਵਿਚ ਵੱਖਰੀ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਹਨ। ਡਾਕਟਰਾਂ ਨੂੰ ਸ਼ੱਕ ਹੈ ਕਿ ਨਵਜਾਤ ਫਾਰਮੂਲਾ ਨਾਲ ਜੁੜੇ ਕਾਰੋਬਾਰ ਕਰਨ ਵਾਲੇ ਵੀ ਇਸ ਵਿਰੋਧ ਵਿਚ ਸ਼ਾਮਲ ਹੋ ਸਕਦੇ ਹਨ।