''ਇਸਲਾਮਿਕ ਕੱਟੜਪੰਥੀ'' ਹਨ ਮਾਸਕੋ ਕੰਸਰਟ ਹਾਲ ''ਤੇ ਹਮਲਾ ਕਰਨ ਵਾਲੇ ਬੰਦੂਕਧਾਰੀ

Tuesday, Mar 26, 2024 - 05:09 AM (IST)

''ਇਸਲਾਮਿਕ ਕੱਟੜਪੰਥੀ'' ਹਨ ਮਾਸਕੋ ਕੰਸਰਟ ਹਾਲ ''ਤੇ ਹਮਲਾ ਕਰਨ ਵਾਲੇ ਬੰਦੂਕਧਾਰੀ

ਮਾਸਕੋ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਮਾਸਕੋ ਦੇ ਇਕ ਉਪਨਗਰ 'ਚ ਇਕ ਸਮਾਰੋਹ ਹਾਲ 'ਚ ਹਮਲਾ ਕਰਨ ਵਾਲੇ ਬੰਦੂਕਧਾਰੀ 'ਇਸਲਾਮਿਕ ਕੱਟੜਪੰਥੀ' ਸਨ। ਇਸ ਹਮਲੇ 'ਚ 130 ਤੋਂ ਵੱਧ ਲੋਕ ਮਾਰੇ ਗਏ ਸਨ। ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ 'ਚ ਪੁਤਿਨ ਨੇ ਕਿਹਾ ਕਿ ਇਹ ਹੱਤਿਆਵਾਂ ਇਸਲਾਮਿਕ ਕੱਟੜਪੰਥੀਆਂ ਵਲੋਂ ਕੀਤੀਆਂ ਗਈਆਂ ਸਨ।

ਪੁਤਿਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 4 ਹਮਲਾਵਰਾਂ ਨੂੰ ਯੂਕ੍ਰੇਨ ਭੱਜਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰੂਸ ਦੇ ਰਾਸ਼ਟਰਪਤੀ ਸੋਮਵਾਰ ਨੂੰ ਆਪਣੀ ਟਿੱਪਣੀ 'ਚ ਇਕ ਵਾਰ ਫਿਰ ਇਸਲਾਮਿਕ ਸਟੇਟ ਦਾ ਜ਼ਿਕਰ ਕਰਨ ਤੋਂ ਬਚਿਆ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਮਹੱਤਵਪੂਰਨ ਹੈ ਕਿ ਅੱਤਵਾਦੀਆਂ ਨੇ ਆਪਣਾ ਜੁਰਮ ਕਰਨ ਤੋਂ ਬਾਅਦ ਯੂਕ੍ਰੇਨ ਭੱਜਣ ਦੀ ਕੋਸ਼ਿਸ਼ ਕਿਉਂ ਕੀਤੀ ਤੇ ਉਥੇ ਕੌਣ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।

ਆਈ. ਐਸ. ਦੇ ਸਹਿਯੋਗੀ ਵਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਅਮਰੀਕਾ ਨੇ ਅੱਤਵਾਦੀ ਸੰਗਠਨ ਦੇ ਦਾਅਵੇ ਨੂੰ ਸਹੀ ਠਹਿਰਾਇਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਫਰਾਂਸ ਨੂੰ ਉਪਲੱਬਧ ਖ਼ੁਫ਼ੀਆ ਜਾਣਕਾਰੀ ਅਨੁਸਾਰ ਮਾਸਕੋ ਹਮਲੇ ਲਈ ਆਈ. ਐੱਸ. ਯੂਨਿਟ ਜ਼ਿੰਮੇਵਾਰ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕੀਤਾ ਸੀ ਤੇ ਪੱਤਰਕਾਰਾਂ ਨੂੰ ਰੂਸੀ ਏਜੰਸੀਆਂ ਵਲੋਂ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਨ ਦੀ ਅਪੀਲ ਕੀਤੀ ਸੀ।

ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

ਉਸ ਨੇ ਉਨ੍ਹਾਂ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿ ਅਮਰੀਕਾ ਨੇ ਮਾਸਕੋ 'ਚ ਅਧਿਕਾਰੀਆਂ ਨੂੰ 7 ਮਾਰਚ ਨੂੰ ਸੰਭਾਵਿਤ ਅੱਤਵਾਦੀ ਹਮਲੇ ਬਾਰੇ ਚਿਤਾਵਨੀ ਦਿੱਤੀ ਸੀ। ਪੇਸਕੋਵ ਨੇ ਕਿਹਾ ਕਿ ਅਜਿਹੀ ਖ਼ੁਫ਼ੀਆ ਜਾਣਕਾਰੀ ਗੁਪਤ ਹੈ। ਰੂਸ ਦੇ ਇਕ ਸੰਗੀਤ ਸਮਾਰੋਹ ਹਾਲ 'ਤੇ ਹਮਲੇ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀਆਂ ਨੂੰ ਐਤਵਾਰ ਨੂੰ ਮਾਸਕੋ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਨ੍ਹਾਂ 'ਤੇ ਅੱਤਵਾਦ ਦੇ ਦੋਸ਼ ਲਗਾਏ ਗਏ। ਸੁਣਵਾਈ ਦੌਰਾਨ ਮੁਲਜ਼ਮਾਂ ਨੇ ਅਦਾਲਤ ਨੂੰ ਸੱਟਾਂ ਦੇ ਨਿਸ਼ਾਨ ਵੀ ਦਿਖਾਏ। ਇਕ ਵਿਅਕਤੀ ਹੋਸ਼ 'ਚ ਹੀ ਨਹੀਂ ਸੀ।

ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਪਰ ਉਨ੍ਹਾਂ ਨੇ ਵਾਅਦਾ ਕੀਤਾ ਕਿ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਵੇਗੀ, ਉਹ ਰਹਿਮ ਦੇ ਹੱਕਦਾਰ ਨਹੀਂ ਹਨ। ਹਮਲੇ 'ਚ 137 ਲੋਕ ਮਾਰੇ ਗਏ ਸਨ ਤੇ 180 ਤੋਂ ਵੱਧ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ 97 ਲੋਕ ਅਜੇ ਵੀ ਹਸਪਤਾਲ 'ਚ ਦਾਖ਼ਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News