ਅਫਗਾਨਿਸਤਾਨ ''ਚ ਆਈ.ਐੱਸ. ਦੇ ਆਤਮਘਾਤੀ ਬੰਬ ਧਮਾਕੇ ''ਚ 20 ਦੀ ਮੌਤ

07/17/2018 8:19:23 PM

ਕਾਬੁਲ— ਉੱਤਰੀ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ ਦੇ ਇਕ ਹਮਲਾਵਰ ਨੇ ਅੱਜ ਖੁਦ ਨੂੰ ਬੰਬ ਨਾਲ ਉਡਾ ਲਿਆ। ਇਸ ਘਟਨਾ 'ਚ ਇਕ ਤਾਲਿਬਾਨ ਕਮਾਂਡਰ ਸਣੇ 20 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਦੱਖਣੀ ਹੇਲਮੰਡ ਸੂਬੇ 'ਚ ਸਰਕਾਰੀ ਬਲਾਂ ਨੇ 54 ਲੋਕਾਂ ਨੂੰ ਤਾਲਿਬਾਨ ਦੀ ਇਕ ਜੇਲ 'ਚੋਂ ਰਿਹਾਅ ਕਰਵਾ ਲਿਆ। ਅਫਗਾਨਿਸਤਾਨ ਦੇ ਸਾਰ-ਏ-ਪੁਲ ਸੂਬੇ ਦੇ ਪ੍ਰਮੁੱਖ ਕਿਊਮ ਬਾਇਕਜੋਈ ਨੇ ਦੱਸਿਆ ਕਿ ਤਾਲਿਬਾਨ ਨੇਤਾਵਾਂ ਨਾਲ ਪਿੰਡ ਦੇ ਸੀਨੀਅਰ ਲੋਕਾਂ ਦੀ ਮੁਲਾਕਾਤ ਦੌਰਾਨ ਆਈ.ਐੱਸ. ਨੇ ਇਹ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਪਿੰਡ ਦੇ 15 ਲੋਕ ਤੇ ਇਕ ਕਮਾਂਡਰ ਸਣੇ ਤਾਲਿਬਾਨ ਦੇ ਪੰਜ ਮੈਂਬਰ ਸ਼ਾਮਲ ਹਨ।
ਅਧਿਕਾਰੀ ਨੇ ਦੱਸਿਆ ਕਿ ਹਾਲ ਦੇ ਦਿਨਾਂ 'ਚ ਉੱਤਰੀ ਅਫਗਾਨਿਸਤਾਨ 'ਚ ਤਾਲਿਬਾਨ ਤੇ ਇਸਲਾਮਿਕ ਸਟੇਟ ਸਮੂਹ ਵਿਚਾਲੇ ਸੰਘਰਸ਼ ਦੇਖਣ ਨੂੰ ਮਿਲਿਆ ਹੈ। ਦੋਵੇਂ ਅੱਤਵਾਦੀ ਸੰਗਠਨਾਂ ਵਿਚਾਲੇ ਹਾਲ ਦੇ ਹਿੰਸਕ ਸੰਘਰਸ਼ 'ਚ 100 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਸੂਬਾਈ ਪਰੀਸ਼ਦ ਦੇ ਪ੍ਰਮੁੱਖ ਮੁਹੰਮਦ ਨੂਰ ਰਹਿਮਾਨ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਦਫਨਾਏ ਜਾਣ ਸਮੇਂ ਇਕ ਮਸਜਿਦ 'ਚ ਧਮਾਕੇ ਦੀ ਇਹ ਘਟਨਾ ਹੋਈ। ਇਲਾਕੇ ਦੇ ਸੁਦੂਰ ਸਥਾਨ 'ਤੇ ਸਥਿਤ ਹੋਣ ਕਾਰਨ ਦੋਹਾਂ ਦੇ ਬਿਆਨਾਂ 'ਚ ਫਰਕ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਦੂਜੇ ਪਾਸੇ ਦੱਖਣੀ ਹੇਲਮੰਡ ਦੇ ਮੁਸਾ ਕਾਲਾ ਜ਼ਿਲੇ 'ਚ ਕਮਾਂਡੋ ਦੀ ਇਕ ਟੁਕੜੀ ਨੇ ਤਾਲਿਬਾਨ ਅੱਤਵਾਦੀਆਂ ਵੱਲੋਂ ਚਲਾਈ ਜਾ ਰਹੀ ਇਕ ਜੇਲ 'ਤੇ ਹਮਲਾ ਬੋਲਦੇ ਹੋਏ 54 ਲੋਕਾਂ ਨੂੰ ਰਿਹਾਅ ਕਰਵਾਇਆ।


Related News