ਆਇਰਲੈਂਡ 'ਚ ਭਾਰਤੀ ਪਰਿਵਾਰ 'ਤੇ ਨਸਲੀ ਟਿੱਪਣੀ, ਆਇਰਿਸ਼ ਰੇਲ ਅਧਿਕਾਰੀ ਨੇ ਮੰਗੀ ਮੁਆਫੀ
Friday, Jun 21, 2019 - 04:10 PM (IST)

ਡਬਲਿਨ (ਬਿਊਰੋ)— ਆਇਰਲੈਂਡ ਵਿਚ ਛੁੱਟੀਆਂ ਮਨਾਉਣ ਗਏ ਇਕ ਭਾਰਤੀ ਪਰਿਵਾਰ ਨਾਲ ਟਰੇਨ ਵਿਚ ਨਸਲੀ ਦੁਰਵਿਵਹਾਰ ਕੀਤਾ ਗਿਆ। ਡਬਲਿਨ ਜਾਣ ਵਾਲੀ ਟਰੇਨ ਵਿਚ ਸਵਾਰ ਭਾਰਤੀ ਪਰਿਵਾਰ ਨੂੰ ਦੇਖ ਕੇ ਇਕ ਵਿਅਕਤੀ ਨੇ ਕੌਮੀਅਤ, ਸਕਿਨ ਦੇ ਰੰਗ ਅਤੇ ਲਹਿਜੇ 'ਤੇ ਅਸ਼ਲੀਲ ਟਿੱਪਣੀ ਕੀਤੀ। ਸਥਾਨਕ ਮੀਡੀਆ ਮੁਤਾਬਕ ਘਟਨਾ ਦੇ ਸਮੇਂ ਪ੍ਰਸੂਨ ਭੱਟਾਚਾਰਜੀ ਆਇਰਲੈਂਡ ਦੇ 3 ਦਿਨੀਂ ਦੌਰੇ 'ਤੇ ਆਪਣੇ ਪਰਿਵਾਰ ਨਾਲ ਬੇਲਫਾਸਟ ਤੋਂ ਡਬਲਿਨ ਜਾ ਰਹੇ ਸਨ।
ਆਇਰਲੈਂਡ ਦੀ ਗੈਰ ਪ੍ਰਵਾਸੀ ਪਰੀਸ਼ਦ (Immigration council) ਨੇ ਘਟਨਾ ਦੀ ਜਾਣਕਾਰੀ ਹੋਣ 'ਤੇ ਭੱਟਾਚਾਰਜੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਫੋਨ ਕਰ ਕੇ ਜਾਣਕਾਰੀ ਲਈ। ਭੱਟਾਚਾਰਜੀ ਨੇ ਦੱਸਿਆ,''ਘਟਨਾ ਦੇ ਸਮੇਂ ਦੋਸ਼ੀ ਸ਼ਰਾਬ ਪੀ ਰਿਹਾ ਸੀ। ਉਸ ਨੇ ਸਕਿਨ ਦੇ ਰੰਗ, ਕੌਮੀਅਤ ਅਤੇ ਹੋਰ ਚੀਜ਼ਾਂ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਇਹ ਪੂਰੀ ਘਟਨਾ ਕਈ ਘੰਟੇ ਤੱਕ ਜਾਰੀ ਰਹੀ ਕਿਉਂਕਿ ਸ਼ਖਸ ਉਨ੍ਹਾਂ ਦੀ ਨੇੜਲੀ ਸੀਟ 'ਤੇ ਬੈਠਾ ਸੀ।'' ਭੱਟਾਚਾਰਜੀ ਨੇ ਦੱਸਿਆ,''ਇਸ ਘਟਨਾ ਸਮੇਂ ਗਾਰਡ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਦੋਸ਼ੀ ਨੂੰ ਟਰੇਨ ਤੋਂ ਉਤਾਰਿਆ। ਇਸ ਦਾ ਸਾਨੂੰ ਬਹੁਤ ਬੁਰਾ ਲੱਗਾ।''
ਟਰੇਨ ਵਿਚ ਨਾਲ ਜਾ ਰਹੇ ਇਕ ਹੋਰ ਯਾਤਰੀ ਪੀਟਰ ਨੇ ਦੱਸਿਆ,''ਗਾਰਡ ਚਾਹੁੰਦਾ ਤਾਂ ਮਦਦ ਕਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਗਾਰਡ ਨੇ ਦੋਸ਼ੀ ਨੂੰ ਬੈਠਣ ਲਈ ਕਿਹਾ ਪਰ ਉਸ ਦੇ ਨਸਲੀ ਦੁਰਵਿਵਹਾਰ ਦੇ ਸੰਬੰਧ ਵਿਚ ਕੋਈ ਗੱਲ ਨਹੀਂ ਕੀਤੀ।'' ਆਇਰਲੈਂਡ ਦੀ ਇਮੀਗ੍ਰੇਸ਼ਨ ਪਰੀਸ਼ਦ ਦੇ ਸੰਚਾਰ ਅਤੇ ਕਾਨੂੰਨੀ ਪ੍ਰਬੰਧਕ ਪਿਪਾ ਵੂਲਨੋ ਨੇ ਕਿਹਾ ਕਿ ਇਸ ਨਸਲਵਾਦੀ ਘਟਨਾ ਨਾਲ ਨਜਿੱਠਣ ਲਈ ਜ਼ਿਆਦਾ ਕਿਰਿਆਸ਼ੀਲ ਦ੍ਰਿਸ਼ਟੀਕੋਣ ਵਰਤਣ ਦੀ ਲੋੜ ਹੈ।
ਆਇਰਿਸ਼ ਰੇਲ ਦੇ ਬੁਲਾਰੇ ਬੈਰੀ ਕੇਨੀ ਨੇ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਸੀ। ਆਇਰਿਸ਼ ਰੇਲ ਨੂੰ ਇਸ ਲਈ ਬਹੁਤ ਦੁੱਖ ਹੈ। ਇਸ ਪਰਿਵਾਰ ਨੇ ਸਾਡੀਆਂ ਟਰੇਨ ਸੇਵਾਵਾਂ ਵਿਚੋਂ ਇਕ ਵਿਚ ਦੁਰਵਵਹਾਰ ਦਾ ਅਨੁਭਵ ਕੀਤਾ। ਉਨ੍ਹਾਂ ਨੇ ਕਿਹਾ ਕਿ ਟਰੇਨ ਵਿਚ ਚੱਲ ਰਹੇ ਕਰਮਰੀਆਂ ਨੇ ਨਸਲੀ ਦੁਰਵਿਵਹਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਟਰੇਨ ਦੇ ਡਬਲਿਨ ਪਹੁੰਚਣ 'ਤੇ ਉਨ੍ਹਾਂ ਦੀ ਸੁਰੱਖਿਆ ਦੀ ਵਿਵਸਥਾ ਕੀਤੀ।
ਆਇਰਿਸ਼ ਰੇਲ ਨੇ ਸੋਸ਼ਲ ਮੀਡੀਆ ਜ਼ਰੀਏ ਭੱਟਾਚਾਰਜੀ ਨਾਲ ਸੰਪਰਕ ਕੀਤਾ ਅਤੇ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ। ਬੈਰੀ ਕੇਨੀ ਨੇ ਕਿਹਾ,''ਅਸੀਂ ਪੀੜਤ ਤੋਂ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਹੈ। ਅਸੀਂ ਆਇਰਲੈਂਡ ਵਿਚ ਉਨ੍ਹਾਂ ਨੂੰ ਪੁਲਸ ਸੁਰੱਖਿਆ ਪ੍ਰਦਾਨ ਕਰਾਂਗੇ। ਅਸੀਂ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ। ਇਸ ਤਰ੍ਹਾਂ ਦੀਆਂ ਟਿੱਪਣੀਆਂ ਦੀ ਸਾਡੇ ਸਮਾਜ ਜਾਂ ਟਰੇਨਾਂ ਵਿਚ ਕੋਈ ਥਾਂ ਨਹੀਂ।''