ਇਰਾਕ ਨੂੰ ਅਮਰੀਕੀ ਬਲਾਂ ''ਤੇ ਹਮਲੇ ਦੀ ਪਹਿਲਾਂ ਹੀ ਸੀ ਜਾਣਕਾਰੀ
Wednesday, Jan 08, 2020 - 06:04 PM (IST)

ਬਗਦਾਦ- ਇਰਾਕ ਦੇ ਪ੍ਰਧਾਨ ਮੰਤਰੀ ਦਫਤਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਈਰਾਨ ਤੋਂ ਇਕ ਅਧਿਕਾਰਿਤ ਜ਼ੁਬਾਨੀ ਸੰਦੇਸ਼ ਮਿਲਿਆ ਸੀ, ਜਿਸ ਵਿਚ ਇਰਾਕ ਵਿਚ ਮੌਜੂਦ ਅਮਰੀਕੀ ਬਲਾਂ 'ਤੇ ਮਿਜ਼ਾਇਲ ਹਮਲੇ ਦੀ ਸੂਚਨਾ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਸਾਨੂੰ ਈਰਾਨ ਇਸਲਾਮੀ ਗਣਰਾਜ ਤੋਂ ਇਕ ਅਧਿਕਾਰਿਤ ਜ਼ੁਬਾਨੀ ਸੰਦੇਸ਼ ਮਿਲਿਆ ਕਿ ਕਾਸਿਮ ਸੁਲੇਮਾਨੀ ਦੇ ਕਤਲ ਦੇ ਜਵਾਬ ਵਿਚ ਕਾਰਵਾਈ ਸ਼ੁਰੂ ਹੋ ਗਈ ਹੈ ਜਾਂ ਥੋੜੀ ਦੇਰ ਵਿਚ ਸ਼ੁਰੂ ਹੋ ਸਕਦੀ ਹੈ ਤੇ ਟਿਕਾਣਿਆਂ ਦਾ ਬਿਓਰਾ ਦਿੱਤੇ ਬਿਨਾਂ ਕਿਹਾ ਕਿ ਹਮਲਾ ਇਰਾਕ ਸਥਿਤ ਅਮਰੀਕੀ ਫੌਜੀ ਟਿਕਾਣਿਆਂ 'ਤੇ ਸੀਮਿਤ ਰਹੇਗਾ। ਈਰਾਨ ਨੇ ਅਮਰੀਕੀ ਡਰੋਨ ਹਮਲੇ ਵਿਚ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਇਰਾਕ ਸਥਿਤ ਅਮਰੀਕੀ ਤੇ ਗਠਜੋੜ ਫੌਜ ਦੇ ਟਿਕਾਣਿਆਂ 'ਤੇ 22 ਮਿਜ਼ਾਇਲਾਂ ਦਾਗੀਆਂ।
ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਨੇ ਇਹ ਜਵਾਬੀ ਕਾਰਵਾਈ ਕੀਤੀ। ਇਸ ਹਮਲੇ ਵਿਚ 80 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।