ਈਰਾਨ-US ਦੀ ਤਲਖੀ ਵਿਚਕਾਰ ਇਰਾਕ 'ਚ ਵਿਦੇਸ਼ੀ ਫੌਜਾਂ ਨੂੰ ਬਾਹਰ ਕੱਢਣ ਦਾ ਮਤਾ ਪਾਸ

01/06/2020 8:42:51 AM

ਬਗਦਾਦ— ਈਰਾਨੀ ਫੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ 'ਚ ਮਾਰ ਦਿੱਤਾ ਸੀ। ਇਸ ਦੇ ਬਾਅਦ ਇਰਾਕ ਦੀ ਸੰਸਦ ਨੇ ਵਿਦੇਸ਼ੀ ਫੌਜੀਆਂ ਦੇ ਦੇਸ਼ ਛੱਡਣ ਲਈ ਇਕ ਪ੍ਰਸਤਾਵ ਪਾਸ ਕੀਤਾ ਹੈ। ਇਰਾਕ 'ਚ ਇਸ ਸਮੇਂ ਅਮਰੀਕਾ ਦੇ 5,000 ਫੌਜੀ ਹਨ। ਸੰਸਦ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਵਿਦੇਸ਼ੀ ਫੌਜ ਨੂੰ ਇਰਾਕ ਦੀ ਜ਼ਮੀਨ, ਹਵਾਈ ਖੇਤਰ ਅਤੇ ਜਲ ਖੇਤਰ ਦੀ ਵਰਤੋਂ ਰੋਕਿਆ ਜਾਵੇ।
ਇਰਾਕ ਦੀ ਸੰਸਦ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਅਮਰੀਕੀ ਫੌਜ ਤੋਂ ਸਾਰੇ ਤਰ੍ਹਾਂ ਦੀ ਮਦਦ ਬੰਦ ਕੀਤੀ ਜਾਵੇ। ਅਲ ਅਰਬੀਆ ਮੁਤਾਬਕ ਇਰਾਕੀ ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਪ੍ਰਧਾਨ ਮੰਤਰੀ ਅਬਦੁਲ ਮਹਦੀ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਇਰਾਕ 'ਚੋਂ ਵਿਦੇਸ਼ੀ ਫੌਜੀਆਂ ਦੀ ਮੌਜੂਦਗੀ ਖਤਮ ਕਰ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਦਰੂਨੀ ਤੇ ਬਾਹਰੀ ਰੁਕਾਵਟਾਂ ਹਨ ਪਰ ਉਨ੍ਹਾਂ ਨਾਲ ਇਰਾਕ ਆਪ ਹੀ ਨਜਿੱਠ ਲਵੇਗਾ।

ਇਰਾਕ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨੀ ਫੌਜੀ ਕਮਾਂਡਰ ਦਾ ਮਾਰਿਆ ਜਾਣਾ ਰਾਜਨੀਤਕ ਕਤਲ ਹੈ। ਅਮਰੀਕੀ ਫੌਜ ਦੀ ਮੌਜੂਦਗੀ 'ਤੇ ਇਸ ਪ੍ਰਸਤਾਵ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਜੇਕਰ ਵਿਦੇਸ਼ੀ ਫੌਜੀਆਂ ਨੂੰ ਇਰਾਕ ਬਾਹਰ ਕਰਨਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਸ ਨੂੰ ਨਵਾਂ ਬਿੱਲ ਲਿਆਉਣਾ ਪਵੇਗਾ ਤਾਂ ਕਿ ਸਮਝੌਤਾ ਖਤਮ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਅਬਦੁਲ ਮਹਦੀ ਨੇ ਮਹੀਨਿਆਂ ਤੋਂ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਾਰਨ ਅਸਤੀਫਾ ਦੇ ਦਿੱਤਾ ਸੀ ਪਰ ਅਜੇ ਵੀ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਰਾਕ ਈਰਾਨ ਅਤੇ ਅਮਰੀਕਾ ਵਿਚਕਾਰ ਅਜੀਬ ਸਥਿਤੀ 'ਚ ਫਸਿਆ ਹੋਇਆ ਹੈ। ਹੁਣ ਵੀ ਇਰਾਕ 'ਚ ਹਜ਼ਾਰਾਂ ਅਮਰੀਕੀ ਫੌਜੀ ਮੌਜੂਦ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਹ ਇਰਾਕੀ ਫੌਜੀਆਂ ਨੂੰ ਟਰੇਨਿੰਗ ਦੇ ਰਿਹਾ ਹੈ ਪਰ ਇਰਾਕ ਦੀ ਸਰਕਾਰ ਦਾ ਕਹਿਣਾ ਹੈ ਕਿ ਬਗਦਾਦ 'ਚ ਈਰਾਨੀ ਫੌਜੀ ਕਮਾਂਡਰ ਨੂੰ ਮਾਰਨਾ ਉਸ ਦੀ ਪ੍ਰਭੂਸੱਤਾ ਦਾ ਉਲੰਘਣ ਹੈ।
ਇਰਾਕ ਦੇ ਪ੍ਰਧਾਨ ਮੰਤਰੀ ਅਬਦੁਲ ਮਹਿਦੀ ਨੇ ਕਿਹਾ ਕਿ ਇਰਾਕ ਕੋਲ ਦੋ ਬਦਲ ਹਨ,ਇਕ ਇਹ ਕਿ ਅਸੀਂ ਤਤਕਾਲ ਅਮਰੀਕੀ ਫੌਜੀਆਂ ਨੂੰ ਦੇਸ਼ ਛੱਡਣ ਲਈ ਨਵਾਂ ਬਿੱਲ ਪਾਸ ਕਰੀਏ ਜਾਂ ਫਿਰ ਅਸੀਂ ਇਨ੍ਹਾਂ ਨੂੰ ਟਰੇਨਿੰਗ ਦੇਣ ਲਈ ਸੀਮਤ ਕਰੀਏ।


Related News