ਈਰਾਨ ''ਤੇ ਹਮਲੇ ਲਈ US ਨੂੰ ਆਪਣੇ ਖੇਤਰ ਦੀ ਵਰਤੋਂ ਨਹੀਂ ਕਰਨ ਦੇਵਾਂਗੇ : ਇਰਾਕ

06/26/2019 2:40:24 PM

ਤਹਿਰਾਨ— ਇਰਾਕ ਨੇ ਕਿਹਾ ਕਿ ਉਹ ਅਮਰੀਕਾ ਨੂੰ ਈਰਾਨ ਖਿਲਾਫ ਹਮਲੇ ਲਈ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਰਾਸ਼ਟਰਪਤੀ ਬਰਹਮ ਸਾਲਿਹ ਨੇ ਦੱਸਿਆ,''ਅਸੀਂ ਈਰਾਨ ਸਮੇਤ ਕਿਸੇ ਵੀ ਗੁਆਂਢੀ ਦੇਸ਼ ਖਿਲਾਫ ਹਮਲੇ ਲਈ ਆਪਣੇ ਖੇਤਰ ਦੀ ਵਰਤੋਂ ਨਹੀਂ ਹੋਣ ਦੇਵਾਂਗੇ। ਇਹ ਫੈਸਲਾ ਇਰਾਕ ਅਤੇ ਅਮਰੀਕਾ ਵਿਚਕਾਰ ਹੋਈ ਸੰਧੀ ਦਾ ਹਿੱਸਾ ਨਹੀਂ ਹੈ।'' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਫਰਵਰੀ 'ਚ ਇਕ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਸੀ ਕਿ ਅਮਰੀਕਾ, ਈਰਾਨ 'ਤੇ ਨਿਗਰਾਨੀ ਰੱਖਣ ਲਈ ਇਰਾਕ 'ਚ ਆਪਣੇ ਫੌਜੀਆਂ ਦੀ ਮੌਜੂਦਗੀ ਬਣਾਏ ਹੋਏ ਹੈ।

ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਮਗਰੋਂ ਇਰਾਕੀ ਸੰਸਦ ਦੇ ਉਪ ਸਭਾਪਤੀ ਹਸਨ ਕਾਬੀ ਨੇ ਕਿਹਾ ਸੀ ਕਿ ਸੰਸਦ ਅਮਰੀਕਾ ਨਾਲ ਹੋਏ ਸੁਰੱਖਿਆ ਸਮਝੌਤੇ ਨੂੰ ਖਤਮ ਕਰਨ ਲਈ ਬਿੱਲ ਲਿਆਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਦੇਸ਼ 'ਚੋਂ ਸਾਰੇ ਵਿਦੇਸ਼ੀ ਫੌਜੀਆਂ ਦੀ ਵਾਪਸੀ ਦਾ ਰਸਤਾ ਸਾਫ ਹੋਵੇਗਾ। ਸਾਲਿਹ ਨੇ ਕਿਹਾ ਕਿ ਅਮਰੀਕਾ ਨੇ ਦੇਸ਼ 'ਚ ਸਥਿਤ ਅਮਰੀਕੀ ਫੌਜ ਨੂੰ ਈਰਾਨ 'ਤੇ ਨਜ਼ਰ ਰੱਖਣ ਲਈ ਇਰਾਕ ਦੀ ਸਰਕਾਰ ਤੋਂ ਇਜਾਜ਼ਤ ਦੀ ਅਪੀਲ ਨਹੀਂ ਕੀਤੀ। ਅਮਰੀਕਾ ਨੇ ਇਰਾਕ 'ਚ ਸਾਲ 2000 'ਚ ਫੌਜੀ ਮੁਹਿੰਮ ਲਈ ਹਜ਼ਾਰਾਂ ਫੌਜੀਆਂ ਨੂੰ ਭੇਜਿਆ ਸੀ। ਇਰਾਕ ਨਾਲ ਹੋਏ ਸਮਝੌਤੇ ਤਹਿਤ ਅਮਰੀਕਾ ਨੇ ਉੱਥੋਂ 2011 'ਚ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਸੀ। ਇਸ ਦੇ ਤਿੰਨ ਸਾਲ ਬਾਅਦ ਇਰਾਕੀ ਫੌਜ ਦੀ ਇਸਲਾਮਕ ਅੱਤਵਾਦੀ ਸਮੂਹਾਂ ਨਾਲ ਚੱਲ ਰਹੀ ਲੜਾਈ 'ਚ ਮਦਦ ਲਈ ਅਮਰੀਕਾ ਨੇ ਆਪਣੇ ਫੌਜੀਆਂ ਨੂੰ ਭੇਜਿਆ ਸੀ। ਲਗਭਗ 5000 ਅਮਰੀਕੀ ਫੌਜੀ ਸਾਲ 2018 ਤਕ ਇਰਾਕ 'ਚ ਸਨ।
ਈਰਾਨ ਤੇ ਛੇ ਸ਼ਕਤੀਆਂ ਵਿਚਕਾਰ 2015 'ਚ ਹੋਏ ਪ੍ਰਮਾਣੂ ਸਮਝੌਤੇ ਨਾਲ ਪਿਛਲੇ ਸਾਲ ਅਮਰੀਕਾ ਦੇ ਹਟਣ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਗਿਆ ਜੋ ਹੁਣ ਬਹੁਤ ਵਧ ਗਿਆ ਹੈ।


Related News