ਇਰਾਕ ''ਚ ਕੋਰੋਨਾ ਪੀੜਤ ਰਹੀ ਡਾਕਟਰ ਦਾ ਗੁਆਂਢੀਆਂ ਨੇ ਕੀਤਾ ਬਾਈਕਾਟ

Friday, May 15, 2020 - 06:23 PM (IST)

ਇਰਾਕ ''ਚ ਕੋਰੋਨਾ ਪੀੜਤ ਰਹੀ ਡਾਕਟਰ ਦਾ ਗੁਆਂਢੀਆਂ ਨੇ ਕੀਤਾ ਬਾਈਕਾਟ

ਬਗਦਾਦ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿਚ ਦੁਨੀਆ ਭਰ ਦੇ ਡਾਕਟਰ, ਨਰਸਾਂ ਅਤੇ ਸਿਹਤ ਕਰਮੀ ਸਹਿਯੋਗ ਦੇ ਰਹੇ ਹਨ। ਇਹਨਾਂ ਵਾਰੀਅਰਜ਼ਾਂ ਨੂੰ ਜਿੱਥੇ ਕਈ ਲੋਕ ਸਨਮਾਨ ਦੇ ਰਹੇ ਹਨ ਉੱਥੇ ਕੁਝ ਲੋਕ ਬੁਰਾ ਵਿਵਹਾਰ ਵੀ ਕਰ ਰਹੇ ਹਨ। ਇਰਾਕ ਵਿਚ ਕੋਰੋਨਾ ਮਰੀਜ਼ਾਂ ਨਾਲ ਕਿਹੋ ਜਿਹਾ ਵਿਵਹਾਰ ਹੋ ਰਿਹਾ ਹੈ ਇਸ ਦੀ ਇਕ ਉਦਾਹਰਣ ਹਾਲ ਹੀ ਵਿਚ ਸਾਹਮਣੇ ਆਈ ਹੈ। ਇੱਥੇ ਡਾਕਟਰ ਮਾਰਵਾ ਅਲ-ਖਫਾਜ਼ੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰਹਿ ਕੇ 20 ਦਿਨ ਬਾਅਦ ਘਰ ਪਰਤੀ ਪਰ ਗੁਆਂਢੀਆਂ ਨੇ ਉਹਨਾਂ ਦੇ ਘਰ ਦੇ ਬਾਹਰ ਬੈਰੀਕੇਡ ਲਗਾ ਦਿੱਤਾ। ਗੁਆਂਢੀਆਂ ਦਾ ਸੰਦੇਸ਼ ਸਾਫ ਸੀ ਉਹ ਉਹਨਾਂ ਦਾ ਬਾਈਕਾਟ ਕਰ ਰਹੇ ਹਨ ਮਤਲਬ ਉਹਨਾਂ ਨੂੰ ਅਪਨਾ ਨਹੀਂ ਸਕਦੇ। ਮਾਰਵਾ ਭਾਵੇਂ ਕੋਰੋਨਾਵਾਇਰਸ ਤੋਂ ਠੀਕ ਹੋ ਗਈ ਸੀ ਪਰ ਸਮਾਜ ਵਿਚ ਇਸ ਬੀਮਾਰੀ ਨੂੰ ਲੈਕੇ ਕਈ ਭਰਮ ਹਾਲੇ ਵੀ ਬਰਕਰਾਰ ਹਨ।

ਮਾਰਵਾ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਖੜ੍ਹੇ ਫਰੰਟਲਾਈਨ ਵਾਰੀਅਰਜ਼ ਵਿਚੋਂ ਇਕ ਹੈ। ਉਹਨਾਂ ਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਜਿਸ ਜਗ੍ਹਾ ਉਹਨਾਂ ਦਾ ਬਚਪਨ ਬੀਤਿਆ ਉੱਥੋਂ ਦੇ ਲੋਕ ਉਹਨਾਂ ਨੂੰ ਦੇਖ ਕੇ ਪਰਾਇਆ ਵਰਗਾ ਵਿਵਹਾਰ ਕਰ ਰਹੇ ਹਨ। ਮਾਰਵਾ ਦਾ ਸੰਘਰਸ਼ ਇਰਾਕ ਦੀ ਸਿਹਤ ਵਿਵਸਥਾ ਦੀ ਕਹਾਣੀ ਦੱਸਦਾ ਹੈ, ਜਿੱਥੇ ਹਸਪਤਾਲਾਂ ਵਿਚ ਸਹੂਲਤਾਂ ਨਹੀਂ ਹਨ, ਮੈਡੀਕਲ ਸਟਾਫ ਅਣਜਾਣ ਬੀਮਾਰੀ ਨਾਲ ਡਰਿਆ ਹੋਇਆ ਹੈ ਅਤੇ ਇਨਫੈਕਸ਼ਨ ਦੇ ਡਰ ਕਾਰਨ ਉਹਨਾਂ ਨੂੰ ਸਮਾਜਿਕ ਭੇਦਭਾਵ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਅਸਲ ਵਿਚ ਇਰਾਕ ਵਿਚ ਲੋਕ ਸਿਹਤ ਵਿਵਸਥਾ 'ਤੇ ਭਰੋਸਾ ਨਹੀਂ ਕਰਦੇ ਅਤੇ ਇੱਥੇ ਕੋਰੋਨਾ ਮਹਾਮਾਰੀ ਵੱਧਣ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ। ਡਾਕਟਰ ਦੱਸਦੇ ਹਨ ਕਿ ਲੋਕ ਆਪਣੀ ਬੀਮਾਰੀ ਲੁਕਾਉਂਦੇ ਹਨ ਅਤੇ ਮਦਦ ਨਹੀਂ ਮੰਗਦੇ। ਇਰਾਕ ਵਿਚ ਹੁਣ ਤੱਕ ਕੋਰੋਨਾ ਨਾਲ 115 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3030 ਲੋਕਾਂ ਵਿਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਰਮਜ਼ਾਨ ਦੇ ਦੌਰਾਨ ਕਰਫਿਊ ਵਿਚ ਢਿੱਲ ਦੀ ਮਿਆਦ ਘੱਟ ਕਰਨ ਦੇ ਬਾਅਦ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਰਾਕੀ ਅਧਿਕਾਰੀ ਮੰਤਰਾਲੇ ਦੇ ਜਵਾਬ ਨੂੰ ਜਾਇਜ਼ ਠਹਿਰਾਉਂਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਗੁਆਂਢੀ ਈਰਾਨ ਅਤੇ ਤੁਰਕੀ ਦੀ ਬਜਾਏ ਅਸੀਂ ਕੋਰੋਨਾ ਨਾਲ ਜੰਗ ਬਿਹਤਰ ਤਰੀਕੇ ਨਾਲ ਲੜੀ ਹੈ ਪਰ ਮਾਰਵਾ ਦੀ ਤਰ੍ਹਾਂ ਕਈ ਡਾਕਟਰ ਵੱਖਰੀ ਹੀ ਕਹਾਣੀ ਕਹਿੰਦੇ ਹਨ। ਉਹਨਾਂ ਦਾ ਦੋਸ਼ ਹੈ ਕਿ ਅਧੂਰੀਆਂ ਤਿਆਰੀਆਂ ਅਤੇ ਬਿਨਾਂ ਕਿਸੇ ਰਣਨੀਤੀ ਦੇ ਜੰਗ ਲੜੀ ਜਾ ਰਹੀ ਹੈ।


author

Vandana

Content Editor

Related News