37,000 ਫੁੱਟ ਦੀ ਉਚਾਈ ''ਤੇ ਭਿੜੇ ਦੋ ਪਾਇਲਟ, ਹੋਏ ਮੁਅੱਤਲ

Monday, Jul 30, 2018 - 04:34 PM (IST)

ਬਗਦਾਦ (ਬਿਊਰੋ)— ਇਰਾਕ ਦੀ ਏਅਰਵੇਜ਼ ਨੇ ਦੋ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਦੋਵੇਂ ਪਾਇਲਟ ਜਹਾਜ਼ ਦੇ 37,000 ਫੁੱਟ ਦੀ ਉਚਾਈ 'ਤੇ ਪਹੁੰਚਣ ਮਗਰੋਂ ਆਪਸ ਵਿਚ ਭਿੜ ਗਏ। ਜਹਾਜ਼ ਈਰਾਨ ਦੇ ਮਸ਼ਾਦ ਤੋਂ ਇਰਾਕ ਦੇ ਬਗਦਾਦ ਸ਼ਹਿਰ ਜਾ ਰਿਹਾ ਸੀ। ਇਸ ਅੰਤਰਾਰਸ਼ਟਰੀ ਜਹਾਜ਼ ਵਿਚ 167 ਯਾਤਰੀ ਸਵਾਰ ਸਨ। ਹਾਲਾਂਕਿ ਹੱਥਂੋਪਾਈ ਦੇ ਬਾਵਜੂਦ ਜਹਾਜ਼ ਸੁਰੱਖਿਅਤ ਤਰੀਕੇ ਨਾਲ ਬਗਦਾਦ ਲੈਂਡ ਹੋਇਆ ਪਰ ਦੋਵੇਂ ਪਾਇਲਟ ਲੈਡਿੰਗ ਦੇ ਬਾਅਦ ਵੀ ਝਗੜਦੇ ਰਹੇ। 
ਇਰਾਕੀ ਏਅਰਵੇਜ਼ ਪ੍ਰਬੰਧਨ ਨੂੰ ਲਿਖੀ ਚਿੱਠੀ ਵਿਚ ਸਹਿ-ਪਾਇਲਟ ਨੇ ਲਿਖਿਆ ਹੈ,''ਪਾਇਲਟ ਨਾਲ ਬਹਿਸ ਅੱਗੇ ਵਧੀ ਕਿਉਂਕਿ ਉਸ ਨੇ ਏਅਰ ਹੌਸਟੈੱਸ ਨੂੰ ਮੇਰੇ ਲਈ ਭੋਜਨ ਦੀ ਟ੍ਰੇ ਲਿਆਉਣ ਤੋਂ ਮਨਾ ਕਰ ਦਿੱਤਾ ਸੀ। ਪਾਇਲਟ ਨੇ ਕਿਹਾ ਕਿ ਮੈਂ ਉਨ੍ਹਾਂ ਕੋਲੋਂ ਇਸ ਸਬੰਧੀ ਮਨਜ਼ੂਰੀ ਨਹੀਂ ਲਈ ਸੀ।'' ਚਿੱਠੀ ਮੁਤਾਬਕ ਪਾਇਲਟ ਨੇ ਆਪਣਾ ਖਾਣਾ ਖਤਮ ਕਰਨ ਦੇ ਬਾਅਦ ਸਹਿ-ਪਾਇਲਟ ਨੂੰ ਧੱਕਾ ਦਿੱਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ, ਜਿਸ ਮਗਰੋਂ ਮੌਕੇ 'ਤੇ ਸੁਰੱਖਿਆ ਗਾਰਡ ਪਹੁੰਚਿਆ। ਚਿੱਠੀ ਵਿਚ ਅੱਗੇ ਲਿਖਿਆ ਗਿਆ,''ਪਾਇਲਟ ਨੇ ਦੁਬਾਰਾ ਮੈਨੂੰ ਮਾਰਿਆ ਅਤੇ ਮੇਰੀ ਬੇਇੱਜ਼ਤੀ ਕੀਤੀ। ਇਸ ਮਗਰੋਂ ਮੈਂ ਵੀ ਜਵਾਬ ਦਿੱਤਾ। ਆਖਿਰ ਮੈਂ ਆਪਣੀ ਸੁਰੱਖਿਆ ਕਰਨੀ ਸੀ।'' 
ਇਰਾਕੀ ਏਅਰਵੇਜ਼ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਹਾਂ ਪਾਇਲਟਾਂ ਦੇ ਦਾਅਵਿਆਂ ਦੀ ਜਾਂਚ ਜਾਰੀ ਹੈ। ਏਅਰਲਾਈਨਜ਼ ਕੰਪਨੀ ਨੇ ਦੱਸਿਆ ਕਿ ਆਵਾਜਾਈ ਮੰਤਰਾਲੇ ਨੇ ਦੋਹਾਂ ਪਾਇਲਟਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।


Related News