ਬਹਿਰੀਨ ਤੇ ਕੁਵੈਤ 'ਤੇ ਡਰੋਨ ਹਮਲੇ! ਜਵਾਬ 'ਚ ਇਜ਼ਰਾਈਲ ਨੇ 120 ਟਿਕਾਣਿਆਂ 'ਤੇ ਵਰ੍ਹਾਏ ਬੰਬ
Sunday, Apr 05, 2026 - 04:32 PM (IST)
ਮਨਾਮਾ/ਕੁਵੈਤ ਸਿਟੀ : ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਨੇ ਹੁਣ ਪੂਰੇ ਖਾੜੀ ਖਿੱਤੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਈਰਾਨੀ ਡਰੋਨਾਂ ਨੇ ਬਹਿਰੀਨ ਅਤੇ ਕੁਵੈਤ ਦੇ ਅਹਿਮ ਤੇਲ ਅਤੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਖੇਤਰ 'ਚ ਸਥਿਤੀ ਬੇਹੱਦ ਨਾਜ਼ੁਕ ਹੋ ਗਈ ਹੈ।
ਬਹਿਰੀਨ ਦੇ ਪੈਟਰੋਕੈਮੀਕਲ ਪਲਾਂਟ 'ਤੇ ਹਮਲਾ
ਐਤਵਾਰ ਨੂੰ ਈਰਾਨੀ ਡਰੋਨਾਂ ਨੇ ਬਹਿਰੀਨ ਦੀ 'ਗਲਫ ਪੈਟਰੋਕੈਮੀਕਲ ਇੰਡਸਟਰੀਜ਼ ਕੰਪਨੀ' 'ਤੇ ਹਮਲਾ ਕੀਤਾ, ਜਿਸ ਕਾਰਨ ਕੰਪਨੀ ਦੀਆਂ ਕਈ ਕਾਰਜਸ਼ੀਲ ਇਕਾਈਆਂ ਵਿੱਚ ਭਿਆਨਕ ਅੱਗ ਲੱਗ ਗਈ। ਬਹਿਰੀਨ ਨਿਊਜ਼ ਏਜੰਸੀ ਮੁਤਾਬਕ, ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਹਾਲਾਂਕਿ ਸੰਪਤੀ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਕੁਵੈਤ 'ਚ ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ
ਈਰਾਨੀ ਡਰੋਨਾਂ ਨੇ ਕੁਵੈਤ ਦੇ ਦੋ ਬਿਜਲੀ ਉਤਪਾਦਨ ਤੇ ਪਾਣੀ ਨੂੰ ਸਾਫ਼ ਕਰਨ ਵਾਲੇ (Desalination) ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਦੋ ਬਿਜਲੀ ਇਕਾਈਆਂ ਨੂੰ ਬੰਦ ਕਰਨਾ ਪਿਆ। ਕੁਵੈਤ ਦੇ ਊਰਜਾ ਮੰਤਰਾਲੇ ਅਨੁਸਾਰ, ਤਕਨੀਕੀ ਟੀਮਾਂ ਬਿਜਲੀ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਲਈ 24 ਘੰਟੇ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਕੁਵੈਤ ਦੇ ਸ਼ੁਵੈਖ ਤੇਲ ਖੇਤਰ ਕੰਪਲੈਕਸ ਵਿੱਚ ਵੀ ਡਰੋਨ ਹਮਲੇ ਕਾਰਨ ਅੱਗ ਲੱਗਣ ਦੀ ਖ਼ਬਰ ਹੈ। ਈਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ (UAE) 'ਤੇ ਵੀ ਹਮਲੇ ਕੀਤੇ ਜਾਣ ਦੀ ਸੂਚਨਾ ਹੈ।
ਇਜ਼ਰਾਈਲ ਦੀ ਵੱਡੀ ਜਵਾਬੀ ਕਾਰਵਾਈ
ਈਰਾਨੀ ਹਮਲਿਆਂ ਦੇ ਜਵਾਬ ਵਿੱਚ, ਇਜ਼ਰਾਈਲੀ ਹਵਾਈ ਸੈਨਾ (IAF) ਨੇ ਪਿਛਲੇ 24 ਘੰਟਿਆਂ ਦੌਰਾਨ ਈਰਾਨ ਦੇ ਅੰਦਰ 120 ਤੋਂ ਵੱਧ ਟਿਕਾਣਿਆਂ 'ਤੇ ਬੰਬਾਰੀ ਕੀਤੀ ਹੈ। ਇਜ਼ਰਾਈਲੀ ਰੱਖਿਆ ਬਲ (IDF) ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਸਾਈਟਾਂ, ਡਰੋਨ ਉਤਪਾਦਨ ਕੇਂਦਰ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਲੇਬਨਾਨ ਵਿੱਚ ਇਜ਼ਰਾਈਲੀ ਕਾਰਵਾਈ ਦੌਰਾਨ ਹੁਣ ਤੱਕ 90 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਇਹ ਵਿਵਾਦ 28 ਫਰਵਰੀ ਨੂੰ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਹਮਲੇ ਵਿੱਚ ਆਇਤੁੱਲਾ ਅਲੀ ਖ਼ਾਮੇਨੇਈ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਅਤੇ ਉਸਦੇ ਸਮਰਥਿਤ ਸੰਗਠਨਾਂ ਦੇ ਹਮਲਿਆਂ ਨੇ ਪੂਰੇ ਖੇਤਰ ਵਿੱਚ ਤੇਲ ਅਤੇ ਕੁਦਰਤੀ ਗੈਸ ਦੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
