ਇਜ਼ਰਾਈਲ ਨੇ ਰਿਹਾਇਸ਼ੀ ਇਲਾਕਿਆਂ 'ਤੇ ਸੁੱਟੇ ਫਾਸਫੋਰਸ ਬੰਬ! ਲੇਬਨਾਨ 'ਚ ਮਚੀ ਹਾਹਾਕਾਰ

Friday, Mar 27, 2026 - 12:32 PM (IST)

ਇਜ਼ਰਾਈਲ ਨੇ ਰਿਹਾਇਸ਼ੀ ਇਲਾਕਿਆਂ 'ਤੇ ਸੁੱਟੇ ਫਾਸਫੋਰਸ ਬੰਬ! ਲੇਬਨਾਨ 'ਚ ਮਚੀ ਹਾਹਾਕਾਰ

ਬੈਰੂਤ/ਯਰੂਸ਼ਲਮ (ਵਾਰਤਾ): ਦੱਖਣੀ ਲੇਬਨਾਨ ਵਿੱਚ ਜਾਰੀ ਜੰਗ ਦਰਮਿਆਨ ਇਜ਼ਰਾਈਲ 'ਤੇ ਬੇਹੱਦ ਗੰਭੀਰ ਇਲਜ਼ਾਮ ਲੱਗੇ ਹਨ। ਲੇਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ (NNA) ਅਨੁਸਾਰ ਇਜ਼ਰਾਈਲੀ ਤੋਪਖਾਨੇ ਨੇ ਦੱਖਣੀ ਲੇਬਨਾਨ ਦੀਆਂ ਅੱਠ ਬਸਤੀਆਂ 'ਤੇ ਫਾਸਫੋਰਸ ਯੁਕਤ ਗੋਲਾ-ਬਾਰੂਦ ਨਾਲ ਹਮਲਾ ਕੀਤਾ ਹੈ। ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਆਬਾਦੀ ਵਾਲੇ ਖੇਤਰਾਂ ਵਿੱਚ ਇਸ ਖ਼ਤਰਨਾਕ ਹਥਿਆਰ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਹੈ।

ਫਾਸਫੋਰਸ ਬੰਬ: ਕਿਉਂ ਹੈ ਇਹ 'ਜੰਗੀ ਅਪਰਾਧ'? 

ਸੰਯੁਕਤ ਰਾਸ਼ਟਰ ਅਤੇ ਰੈੱਡ ਕਰੌਸ ਦੇ ਮਾਪਦੰਡਾਂ ਅਨੁਸਾਰ ਨਾਗਰਿਕ ਖੇਤਰਾਂ ਵਿੱਚ ਅਜਿਹੇ ਜਲਣਸ਼ੀਲ ਹਥਿਆਰਾਂ ਦੀ ਵਰਤੋਂ 'ਤੇ ਪਾਬੰਦੀ ਹੈ ਜੋ ਬੇਹੱਦ ਦਰਦ ਅਤੇ ਗੰਭੀਰ ਸੱਟਾਂ ਦਾ ਕਾਰਨ ਬਣਦੇ ਹਨ। ਫਾਸਫੋਰਸ ਕਾਰਨ ਸ਼ਰੀਰ ਬੁਰੀ ਤਰ੍ਹਾਂ ਝੁਲਸ ਜਾਂਦਾ ਹੈ ਅਤੇ ਇਸ ਨਾਲ ਭਿਆਨਕ ਅੱਗ ਲੱਗ ਸਕਦੀ ਹੈ, ਜਿਸ ਕਾਰਨ ਨਾਗਰਿਕਾਂ ਵਿਰੁੱਧ ਇਸ ਦੀ ਵਰਤੋਂ ਨੂੰ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦੀ ਉਲੰਘਣਾ ਅਤੇ ਸੰਭਾਵਿਤ 'ਜੰਗੀ ਅਪਰਾਧ' ਮੰਨਿਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  UAE 'ਚ ਮਿਜ਼ਾਈਲ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਾਵਾਸ ਨੇ ਪ੍ਰਗਟਾਇਆ ਦੁੱਖ

ਇਜ਼ਰਾਈਲ 'ਚ ਵੀ ਹੋਇਆ ਜਾਨੀ ਨੁਕਸਾਨ 

ਦੂਜੇ ਪਾਸੇ ਇਜ਼ਰਾਈਲ ਦੀ ਰਾਸ਼ਟਰੀ ਐਮਰਜੈਂਸੀ ਸੇਵਾ 'ਮੈਗਨ ਡੇਵਿਡ ਐਡੋਮ' (MDA) ਨੇ ਦੱਸਿਆ ਕਿ ਲੇਬਨਾਨੀ ਸੰਗਠਨ ਹਿਜ਼ਬੁੱਲਾ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਉੱਤਰੀ ਇਜ਼ਰਾਈਲ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹੋ ਗਏ । ਨਵੰਬਰ 2024 ਵਿੱਚ ਹੋਏ ਜੰਗਬੰਦੀ ਸਮਝੌਤੇ ਦੇ ਬਾਵਜੂਦ, ਖੇਤਰ ਵਿੱਚ ਹਿੰਸਾ ਲਗਾਤਾਰ ਜਾਰੀ ਹੈ।

ਸੰਪੂਰਨ ਪ੍ਰਭੂਸੱਤਾ ਦੀ ਉਲੰਘਣਾ ਦਾ ਦੋਸ਼ 

ਲੇਬਨਾਨ ਸਰਕਾਰ ਨੇ ਇਜ਼ਰਾਈਲ 'ਤੇ ਵਾਰ-ਵਾਰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਇਜ਼ਰਾਈਲੀ ਫੌਜ ਇਸ ਸਮੇਂ ਦੱਖਣੀ ਲੇਬਨਾਨ ਦੇ ਪੰਜ ਰਣਨੀਤਕ ਬਿੰਦੂਆਂ 'ਤੇ ਮੌਜੂਦ ਹੈ, ਜਿਸ ਨੂੰ ਲੇਬਨਾਨੀ ਅਧਿਕਾਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਾ 1701 ਦੀ ਉਲੰਘਣਾ ਮੰਨਦੇ ਹਨ,। ਹਾਲਾਂਕਿ, ਇਜ਼ਰਾਈਲ ਦਾ ਦਾਅਵਾ ਹੈ ਕਿ ਉਹ ਸਿਰਫ਼ ਹਿਜ਼ਬੁੱਲਾ ਦੇ ਫੌਜੀ ਟਿਕਾਣਿਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤਾਂ ਜੋ ਇਜ਼ਰਾਈਲ 'ਤੇ ਮੰਡਰਾ ਰਹੇ ਖ਼ਤਰੇ ਨੂੰ ਖ਼ਤਮ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News