ਈਰਾਨ ਦੇ ਇਨਕਲਾਬੀ ਗਾਰਡਜ਼ ਨੂੰ ਅੱਤਵਾਦੀ ਦੀ ਲਿਸਟ ''ਚ ਪਾਵੇਗਾ US
Sunday, Apr 07, 2019 - 02:29 AM (IST)

ਵਾਸ਼ਿੰਗਟਨ - ਈਰਾਨ 'ਤੇ ਕਈ ਪਾਬੰਦੀਆਂ ਲਾਉਣ ਤੋਂ ਬਾਅਦ ਅਮਰੀਕਾ ਹੁਣ ਉਸ ਦੇ ਇਨਕਲਾਬੀ ਗਾਰਡਜ਼ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਜਾ ਰਿਹਾ ਹੈ। 'ਦਿ ਵਾਲ ਸਟ੍ਰੀਟ ਜਨਰਲ' 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਇਸ ਫੈਸਲੇ ਦੇ ਸਬੰਧ 'ਚ ਸੋਮਵਾਰ ਨੂੰ ਐਲਾਨ ਕਰੇਗਾ। ਉਥੇ ਈਰਾਨ ਨੇ ਇਸ ਖਬਰ 'ਤੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਵਾਸ਼ਿੰਗਟਨ ਵੱਲੋਂ ਅਜਿਹਾ ਕੁਝ ਕੀਤਾ ਗਿਆ ਤਾਂ ਫਿਰ ਤਹਿਰਾਨ ਵੀ ਅਮਰੀਕੀ ਫੌਜ ਨੂੰ ਅੱਤਵਾਦੀਆਂ ਦੀ ਤਰ੍ਹਾਂ ਬਲੈਕ ਲਿਸਟ ਕਰ ਦੇਵੇਗਾ।
ਸਮਾਚਾਰ ਪੱਤਰ ਨੇ ਇਹ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਉਥੇ ਈਰਾਨ ਦੇ ਇਕ ਸੰਸਦੀ ਮੈਂਬਰ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਇਨਕਲਾਬੀ ਗਾਰਡਜ਼ ਨੂੰ ਅੱਤਵਾਦੀ ਸੰਗਠਨ ਐਲਾਨ ਕਰਦਾ ਹੈ ਤਾਂ ਬਦਲੇ 'ਚ ਤਹਿਰਾਨ ਵੀ ਅਮਰੀਕਾ ਫੌਜ ਨੂੰ ਦਾਇਸ਼ ਤਕਫਿਰੀ ਅੱਤਵਾਦੀ ਸੰਗਠਨ ਵੱਲੋਂ ਬੈਨ ਕਰ ਦੇਵੇਗਾ। ਈਰਾਨੀ ਸੰਸਦੀ ਮੈਂਬਰ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਚੇਅਰਮੈਨ ਹੇਸ਼ਮਾਤੋੱਲਾ ਨੇ ਟਵੀਟ ਕੀਤਾ ਕਿ ਜੇਕਰ ਇਨਕਲਾਬੀ ਗਾਰਡਜ਼ ਨੂੰ ਅਮਰੀਕਾ ਅੱਤਵਾਦੀ ਸੰਗਠਨਾਂ ਦੀ ਲਿਸਟ 'ਚ ਪਾਉਂਦਾ ਹੈ ਤਾਂ ਅਸੀਂ ਅਮਰੀਕੀ ਫੌਜੀਆਂ ਨੂੰ ਦਾਇਸ਼ ਦੀ ਤਰ੍ਹਾਂ ਬਲੈਕਲਿਸਟ ਕਰ ਦੇਵਾਂਗੇ।ਇਨਕਲਾਬੀ ਗਾਰਡਜ਼
ਇਨਕਲਾਬੀ ਗਾਰਡਜ਼ ਈਰਾਨ ਦੇ ਆਰਮਡ ਫੋਰਸ ਦਾ ਹਿੱਸਾ ਹੈ। ਇਸਲਾਮਕ ਇਨਕਲਾਬੀ ਗਾਰਡਜ਼ ਕਾਰਪ ਦਾ ਗਠਨ 1979 ਇਸਲਾਮੀ ਕ੍ਰਾਂਤੀ ਤੋਂ ਬਾਅਦ ਕੀਤਾ ਗਿਆ ਸੀ। ਦੇਸ਼ ਦੀਆਂ ਰਵਾਇਤੀ ਫੌਜੀ ਇਕਾਈਆਂ ਸਰਹੱਦ ਦੀ ਰੱਖਿਆ ਕਰਦੀਆਂ ਹਨ ਜਦਕਿ ਇਸ ਦੇ ਉਲਟ ਇਨਕਲਾਬੀ ਗਾਰਡਜ਼ ਦੇਸ਼ 'ਚ ਇਸਲਾਮੀ ਗਣਤੰਤਰ ਸਿਸਟਮ ਦੀ ਰੱਖਿਆ ਕਰਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਪਿਛਲੇ ਸਾਲ ਅਮਰੀਕਾ ਨੂੰ ਈਰਾਨ ਪ੍ਰਮਾਣੂ ਸਮਝੌਤੇ ਤੋਂ ਬਾਹਰ ਖਿੱਚਦੇ ਹੋਏ ਉਸ 'ਤੇ ਫਿਰ ਤੋਂ ਕਈ ਸਖਤ ਪਾਬੰਦੀਆਂ ਲਾਈਆਂ ਸਨ ਜਿਸ ਨਾਲ ਇਸ ਇਸਲਾਮਕ ਦੇਸ਼ ਨੂੰ ਵੱਡਾ ਝੱਟਕਾ ਲੱਗਾ ਹੈ।