ਟਲ਼ ਜਾਵੇਗੀ ਭਿਆਨਕ ਜੰਗ ! ਮੇਜ਼ ''ਤੇ ਆਉਣਗੇ ਅਮਰੀਕਾ ਤੇ ਇਰਾਨ, ਓਮਾਨ ''ਚ ਹੋਵੇਗੀ ਪ੍ਰਮਾਣੂ ਗੱਲਬਾਤ
Thursday, Feb 05, 2026 - 09:55 AM (IST)
ਇੰਟਰਨੈਸ਼ਨਲ ਡੈਸਕ- ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਸਿਖ਼ਰਾਂ 'ਤੇ ਹੈ, ਇਸੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਸ਼ੁੱਕਰਵਾਰ ਸਵੇਰੇ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਸ਼ੁਰੂ ਹੋਣ ਵਾਲੀ ਹੈ। ਅਰਾਗਚੀ ਅਨੁਸਾਰ, ਇਹ ਗੱਲਬਾਤ ਸ਼ੁੱਕਰਵਾਰ ਸਵੇਰੇ ਲਗਭਗ 10 ਵਜੇ ਸ਼ੁਰੂ ਹੋਵੇਗੀ। ਇਹ ਇੱਕ ਅਸਿੱਧੀ ਗੱਲਬਾਤ ਹੋਵੇਗੀ, ਜਿਸ ਵਿੱਚ ਓਮਾਨ ਵਿਚੋਲੇ ਵਜੋਂ ਭੂਮਿਕਾ ਨਿਭਾਏਗਾ। ਇਰਾਨ ਦੀ ਬੇਨਤੀ 'ਤੇ ਗੱਲਬਾਤ ਦਾ ਸਥਾਨ ਇਸਤਾਂਬੁਲ ਤੋਂ ਬਦਲ ਕੇ ਮਸਕਟ ਕੀਤਾ ਗਿਆ ਹੈ।
ਇਸ ਗੱਲਬਾਤ ਦੌਰਾਨ ਇਰਾਨੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਅਰਾਗਚੀ ਕਰਨਗੇ, ਜਿਨ੍ਹਾਂ ਨਾਲ ਸੀਨੀਅਰ ਡਿਪਲੋਮੈਟ ਮਜੀਦ ਤਖ਼ਤ-ਰਵਾਂਚੀ ਅਤੇ ਕਾਜ਼ਿਮ ਗਰੀਬਾਬਾਦੀ ਸ਼ਾਮਲ ਹੋਣਗੇ, ਜਦਕਿ ਅਮਰੀਕਾ ਵੱਲੋਂ ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਗਵਾਈ ਕਰਨਗੇ।
ਇਰਾਨੀ ਮੀਡੀਆ ਅਨੁਸਾਰ, ਇਹ ਚਰਚਾ ਸਿਰਫ਼ ਇਰਾਨ ਦੇ ਸ਼ਾਂਤੀਪੂਰਨ ਪ੍ਰਮਾਣੂ ਊਰਜਾ ਪ੍ਰੋਗਰਾਮ ਅਤੇ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਤੱਕ ਹੀ ਸੀਮਤ ਰਹੇਗੀ। ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਮਿਜ਼ਾਈਲ ਪ੍ਰੋਗਰਾਮ ਜਾਂ ਖੇਤਰੀ ਭੂਮਿਕਾ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ।
ਇਹ ਗੱਲਬਾਤ ਪਿਛਲੇ ਸਾਲ ਜੂਨ ਵਿੱਚ ਹੋਈ ਜੰਗ ਕਾਰਨ ਰੁਕ ਗਈ ਸੀ, ਜਿਸ ਤੋਂ ਪਹਿਲਾਂ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਦੇ 5 ਦੌਰ ਹੋ ਚੁੱਕੇ ਸਨ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਪੱਛਮੀ ਏਸ਼ੀਆ ਵਿੱਚ ਵਧਦੀ ਅਮਰੀਕੀ ਫੌਜੀ ਮੌਜੂਦਗੀ ਕਾਰਨ ਮਾਹੌਲ ਕਾਫੀ ਨਾਜ਼ੁਕ ਬਣਿਆ ਹੋਇਆ ਹੈ। ਇਰਾਨੀ ਅਧਿਕਾਰੀਆਂ ਨੇ ਜ਼ੋਰ ਦਿੱਤਾ ਹੈ ਕਿ ਗੱਲਬਾਤ ਦੀ ਸਫਲਤਾ ਲਈ ਧਮਕੀਆਂ ਤੋਂ ਮੁਕਤ ਮਾਹੌਲ ਅਤੇ ਅਮਰੀਕਾ ਵੱਲੋਂ ਮੌਜੂਦਾ ਸੱਚਾਈ ਦਿਖਾਉਣਾ ਲਾਜ਼ਮੀ ਹੈ।
