ਈਰਾਨ ਦਾ ਪਾਕਿ ਨੂੰ ਝਟਕਾ, ਭਾਰਤ ਵਿਰੋਧੀ ਬੈਨਰ ਦੂਤਘਰ ਤੋਂ ਹਟਵਾਏ

Monday, Sep 09, 2019 - 12:20 PM (IST)

ਈਰਾਨ ਦਾ ਪਾਕਿ ਨੂੰ ਝਟਕਾ, ਭਾਰਤ ਵਿਰੋਧੀ ਬੈਨਰ ਦੂਤਘਰ ਤੋਂ ਹਟਵਾਏ

ਤੇਹਰਾਨ (ਬਿਊਰੋ)— ਈਰਾਨ ਨੇ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਮਾਮਲੇ ਵਿਚ ਜ਼ੋਰਦਾਰ ਝਟਕਾ ਦਿੱਤਾ ਹੈ। ਈਰਾਨ ਪੁਲਸ ਨੇ ਪਾਕਿਸਤਾਨ ਦੇ ਦੂਤਘਰ 'ਤੇ ਲੱਗੇ ਭਾਰਤ ਵਿਰੋਧੀ ਪੋਸਟਰਾਂ ਨੂੰ ਅੱਧੀ ਰਾਤ ਵੱਲੇ ਕਾਰਵਾਈ ਕਰ ਕੇ ਹਟਾ ਦਿੱਤਾ ਹੈ। ਪਾਕਿਸਤਾਨ ਦੇ ਦੂਤਘਰ 'ਤੇ ਇਹ ਪੋਸਟਰ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਗਾਏ ਗਏ ਸਨ। ਈਰਾਨੀ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਇਹ ਪੋਸਟਰ ਹਟਾਏ ਜਾਣ ਦੀਆਂ ਖਬਰਾਂ ਹਨ। ਹੁਣ ਤੱਕ ਭਾਰਤ ਵਿਰੋਧੀ ਕਾਰਵਾਈ ਵਿਚ ਪਾਕਿਸਤਾਨ ਵਿਰੁੱਧ ਈਰਾਨ ਦਾ ਇਹ ਇਕ ਵੱਡਾ ਕਦਮ ਦੱਸਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਉੱਤਰੀ-ਪੱਛਮੀ ਸ਼ਹਿਰ ਮਸ਼ਾਦ ਸਥਿਤ ਪਾਕਿਸਤਾਨੀ ਦੂਤਘਰ 'ਤੇ ਭਾਰਤ ਵਿਰੋਧੀ ਪੋਸਟਰ ਲਗਾਏ ਗਏ ਸਨ। ਇਨਾਂ ਪੋਸਟਰਾਂ ਨੂੰ ਪਾਕਿਸਤਾਨ ਵੱਲੋਂ 'ਕਸ਼ਮੀਰ ਸੋਲੀਡੈਰਿਟੀ ਡੇਅ' ਦੇ ਮੌਕੇ 'ਤੇ ਲਗਾਇਆ ਗਿਆ ਸੀ। ਸੂਤਰਾਂ ਮੁਤਾਬਕ ਈਰਾਨ ਨੇ ਇਸਲਾਮਾਬਾਦ ਨੂੰ ਸਖਤ ਸ਼ਬਦਾਂ ਵਿਚ ਸਾਫ-ਸਾਫ ਦੱਸ ਦਿੱਤਾ ਹੈ ਕਿ ਅਜਿਹੇ ਤਰੀਕੇ ਕੂਟਨੀਤੀ ਦੀ ਰਣਨੀਤੀ ਵਿਚ ਨਹੀਂ ਆਉਂਦੇ। ਕਿਸੇ ਵੀ ਤੀਜੇ ਦੇਸ਼ ਵਿਰੁੱਧ ਇਸ ਤਰ੍ਹਾਂ ਦੇ ਬੈਨਰ ਲਗਾਉਣਾ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਹੈ। 

ਈਰਾਨ ਦੇ ਰਵੱਈਏ ਨਾਲ ਨਿਰਾਸ਼ ਪਾਕਿਸਤਾਨ ਨੇ ਇਕ ਨੋਟ ਭੇਜ ਕੇ ਈਰਾਨ ਸਾਹਮਣੇ ਇਸ ਮਾਮਲੇ ਨੂੰ ਚੁੱਕਿਆ ਹੈ। ਤੇਹਰਾਨ ਨੇ ਇਸ ਮਾਮਲੇ ਨੂੰ ਮੰਦਭਾਗਾ ਦੱਸਿਆ ਹੈ। ਈਰਾਨੀ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਡਿਪਲੋਮੈਟਾਂ ਨੂੰ ਇੱਥੋਂ ਤੱਕ ਪੁੱਛਿਆ ਗਿਆ ਕਿ ਜੇਕਰ ਇਸਲਾਮਾਬਾਦ ਸਥਿਤ ਈਰਾਨ ਦੇ ਦੂਤਘਰ 'ਤੇ ਸਾਊਦੀ ਅਰਬ ਵਿਰੁੱਧ ਅਜਿਹੇ ਪੋਸਟਰ ਲਗਾਏ ਜਾਣ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗੇਗਾ। ਕੀ ਪਾਕਿਸਤਾਨ ਇਸ ਗੱਲ ਦੀ ਮਨਜ਼ੂਰੀ ਦੇਵੇਗਾ। ਪਾਕਿਸਤਾਨ ਇਸ ਗੱਲ 'ਤੇ ਵੀ ਡਟਿਆ ਹੋਇਆ ਹੈ ਕਿ ਉਸ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਸ ਤਰ੍ਹਾਂ ਦੇ ਸੰਦੇਸ਼ ਦਾ ਪ੍ਰਦਰਸ਼ਨ ਕਰ ਸਕਦਾ ਹੈ। 

ਈਰਾਨ ਨੇ ਸਿੱਧੇ ਸ਼ਬਦਾਂ ਵਿਚ ਦੱਸ ਦਿੱਤਾ ਹੈ ਕਿ ਕਸ਼ਮੀਰ 'ਤੇ ਉਸ ਦਾ ਰਵੱਈਆ ਬਦਲਿਆ ਨਹੀਂ ਜਾ ਸਕਦਾ। ਈਰਾਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਉਸ ਲਈ ਭਰਾ ਵਰਗਾ ਹੈ ਪਰ ਭਾਰਤ ਵੀ ਈਰਾਨ ਦਾ ਦੁਸ਼ਮਣ ਨਹੀਂ ਹੈ।


author

Vandana

Content Editor

Related News