ਈਰਾਨ ਦਾ ਪਾਕਿਸਤਾਨ ''ਚ ਗੱਲਬਾਤ ਤੋਂ ਇਨਕਾਰ, ਸੀਜ਼ਫਾਇਰ ਲਈ ਅਮਰੀਕਾ ਦੀਆਂ ਸ਼ਰਤਾਂ ਠੁਕਰਾਈਆਂ

Saturday, Apr 04, 2026 - 02:07 AM (IST)

ਈਰਾਨ ਦਾ ਪਾਕਿਸਤਾਨ ''ਚ ਗੱਲਬਾਤ ਤੋਂ ਇਨਕਾਰ, ਸੀਜ਼ਫਾਇਰ ਲਈ ਅਮਰੀਕਾ ਦੀਆਂ ਸ਼ਰਤਾਂ ਠੁਕਰਾਈਆਂ

ਇਸਲਾਮਾਬਾਦ : ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ (ਸੀਜ਼ਫਾਇਰ) ਦੀਆਂ ਤਾਜ਼ਾ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਅਗਵਾਈ ਹੇਠ ਹੋਣ ਵਾਲੀ ਗੱਲਬਾਤ ਬੇਸਿੱਟਾ ਰਹੀ ਹੈ ਕਿਉਂਕਿ ਈਰਾਨ ਨੇ ਇਸਲਾਮਾਬਾਦ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਈਰਾਨ ਨੇ ਅਮਰੀਕਾ ਵੱਲੋਂ ਰੱਖੀਆਂ ਗਈਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਵੀ ਖਾਰਜ ਕਰ ਦਿੱਤਾ ਹੈ।

ਅਮਰੀਕਾ ਨੇ ਈਰਾਨ ਸਾਹਮਣੇ 15 ਨੁਕਾਤੀ ਪ੍ਰਸਤਾਵ ਰੱਖਿਆ ਸੀ, ਜਿਸ ਵਿੱਚ ਹੋਰਮੁਜ਼ ਸਟ੍ਰੇਟ (Hormuz Strait) ਨੂੰ ਮੁੜ ਖੋਲ੍ਹਣ, ਪ੍ਰਮਾਣੂ ਟਿਕਾਣਿਆਂ ਨੂੰ ਖ਼ਤਮ ਕਰਨ ਅਤੇ ਮਿਜ਼ਾਈਲ ਸਮਰੱਥਾ ਨੂੰ ਸੀਮਤ ਕਰਨ ਦੀ ਮੰਗ ਕੀਤੀ ਗਈ ਸੀ। ਬਦਲੇ ਵਿੱਚ ਅਮਰੀਕਾ ਨੇ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਦੂਜੇ ਪਾਸੇ, ਈਰਾਨ ਨੇ ਆਪਣੀਆਂ 5 ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਹੋਰਮੁਜ਼ 'ਤੇ ਆਪਣੇ ਕਬਜ਼ੇ ਨੂੰ ਮਾਨਤਾ ਦੇਣ, ਖੇਤਰ ਵਿੱਚੋਂ ਅਮਰੀਕੀ ਫੌਜੀ ਟਿਕਾਣਿਆਂ ਨੂੰ ਹਟਾਉਣ ਅਤੇ ਜੰਗ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਸ਼ਾਮਲ ਹੈ।

28 ਫਰਵਰੀ ਤੋਂ ਜਾਰੀ ਇਸ ਜੰਗ ਵਿੱਚ ਹੁਣ ਤੱਕ ਈਰਾਨ ਵਿੱਚ 1900 ਤੋਂ ਵੱਧ, ਲੇਬਨਾਨ ਵਿੱਚ 1300 ਤੋਂ ਵੱਧ, ਇਜ਼ਰਾਈਲ ਵਿੱਚ 19 ਅਤੇ ਅਮਰੀਕਾ ਦੇ 13 ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲੇਬਨਾਨ ਵਿੱਚ 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਜੰਗ ਕਾਰਨ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ 109 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ, ਜੋ ਜੰਗ ਸ਼ੁਰੂ ਹੋਣ ਤੋਂ ਬਾਅਦ 50% ਤੋਂ ਵੱਧ ਦਾ ਉਛਾਲ ਹੈ।

ਪਾਕਿਸਤਾਨ ਵਿੱਚ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਹੁਣ ਕਤਰ ਅਤੇ ਤੁਰਕੀਏ ਨੇ ਦੋਹਾ ਜਾਂ ਇੰਸਤਾਂਬੁਲ ਵਿੱਚ ਨਵੀਂ ਵਾਰਤਾ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਨਾਲ ਹੀ, ਹੋਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਬਣਾਉਣ ਦੇ ਮੁੱਦੇ 'ਤੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਚਰਚਾ ਹੋਣ ਵਾਲੀ ਹੈ। ਈਰਾਨ ਨੇ ਹਾਲ ਹੀ ਵਿੱਚ ਕੁਵੇਤ ਦੀ ਇੱਕ ਤੇਲ ਰਿਫਾਇਨਰੀ ਅਤੇ ਪਾਣੀ ਦੇ ਪਲਾਂਟ 'ਤੇ ਵੀ ਹਮਲਾ ਕੀਤਾ ਹੈ, ਜਿਸ ਕਾਰਨ ਖਾੜੀ ਦੇ ਕਈ ਦੇਸ਼ਾਂ ਵਿੱਚ ਅਲਰਟ ਜਾਰੀ ਹੈ।


author

Inder Prajapati

Content Editor

Related News