ਈਰਾਨ ''ਚ ਨਹੀਂ ਹੋ ਰਹੀ ਸ਼ਾਂਤੀ ! ਮਹਿੰਗਾਈ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ''ਚ 62 ਲੋਕਾਂ ਦੀ ਮੌਤ, 2200 ਤੋਂ ਵੱਧ ਗ੍ਰਿਫ਼ਤਾਰ
Saturday, Jan 10, 2026 - 09:27 AM (IST)
ਇੰਟਰਨੈਸ਼ਨਲ ਡੈਸਕ- ਈਰਾਨ ਦੇ ਜਲਾਵਤਨ ਕ੍ਰਾਊਨ ਪ੍ਰਿੰਸ ਵੱਲੋਂ ਪ੍ਰਦਰਸ਼ਨਾਂ ਦੇ ਸੱਦੇ ਤੋਂ ਬਾਅਦ ਈਰਾਨੀ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਸੜਕਾਂ ’ਤੇ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ, ਹਾਲਾਂਕਿ ਈਰਾਨ ਸਰਕਾਰ ਨੇ ਦੇਸ਼ ਵਿਚ ਇੰਟਰਨੈੱਟ ਅਤੇ ਅੰਤਰਰਾਸ਼ਟਰੀ ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਜਧਾਨੀ ਤਹਿਰਾਨ ਅਤੇ ਹੋਰ ਇਲਾਕਿਆਂ ਦੀਆਂ ਸੜਕਾਂ ’ਤੇ ਮਲਬਾ ਖਿੱਲਰਿਆ ਹੋਇਆ ਹੈ ਅਤੇ ਪ੍ਰਦਰਸ਼ਨਕਾਰੀ ਅੱਗ ਬਾਲ ਕੇ ਈਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਈਰਾਨੀ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਪ੍ਰਦਰਸ਼ਨਾਂ ’ਤੇ ਆਪਣੀ ਚੁੱਪੀ ਤੋੜਦਿਆਂ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਦੇ ‘ਅੱਤਵਾਦੀ ਏਜੰਟਾਂ’ ਨੇ ਅੱਗ ਲਾਈ ਅਤੇ ਹਿੰਸਾ ਭੜਕਾਈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਮਾਰੇ ਗਏ ਹਨ ਪਰ ਇਸ ਬਾਰੇ ਵਿਸਥਾਰ ’ਚ ਨਹੀਂ ਦੱਸਿਆ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ (86) ਨੇ ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਇਕ ਸੰਖੇਪ ਸੰਬੋਧਨ ’ਚ ਸੰਕੇਤ ਦਿੱਤਾ ਕਿ ਅਧਿਕਾਰੀ ਪ੍ਰਦਰਸ਼ਨਕਾਰੀਆਂ ’ਤੇ ਸਖ਼ਤ ਕਾਰਵਾਈ ਕਰਨਗੇ, ਉਥੇ ਹੀ ਲੋਕ ਅਮਰੀਕਾ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਖਾਮੇਨੇਈ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ‘ਦੂਜੇ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਆਪਣੀਆਂ ਹੀ ਸੜਕਾਂ ਨੂੰ ਬਰਬਾਦ ਕਰ ਰਹੇ ਹਨ।’ ਆਲਮ ਇਹ ਹੈ ਕਿ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 62 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਹੁਣ ਭਾਰਤ 'ਤੇ 500 ਫ਼ੀਸਦੀ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਨਵੇਂ ਬਿੱਲ ਨੂੰ ਦੇ'ਤੀ ਮਨਜ਼ੂਰੀ
ਟਰੰਪ ਦਾ ਦਾਅਵਾ- ਈਰਾਨੀ ਸ਼ਹਿਰ ’ਤੇ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ’ਤੇ ਹੁਣ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੋ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰ ਕੇ ਲਿਖਿਆ ਕਿ 10 ਲੱਖ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਈਰਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਪ੍ਰਦਰਸ਼ਨਕਾਰੀਆਂ ਦੇ ਕੰਟਰੋਲ ਵਿਚ ਆ ਗਿਆ ਹੈ। ਸਰਕਾਰ ਦੀਆਂ ਸੁਰੱਖਿਆ ਫੋਰਸਾਂ ਨੇ ਸ਼ਹਿਰ ਛੱਡ ਦਿੱਤਾ ਹੈ। ਮਸ਼ਹਦ ਦੀ ਆਬਾਦੀ ਲੱਗਭਗ 40 ਲੱਖ ਹੈ। ਇਹ ਸ਼ਹਿਰ ਤੁਰਕਮੇਨਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨੇੜੇ ਸਥਿਤ ਹੈ। ਇਹ ਈਰਾਨ ਦਾ ਸਭ ਤੋਂ ਵੱਡਾ ਧਾਰਮਿਕ ਸ਼ਹਿਰ ਹੈ। ਮਸ਼ਹਦ ਵਿਚ ਇਮਾਮ ਰਜ਼ਾ ਦੀ ਪਵਿੱਤਰ ਦਰਗਾਹ ਵੀ ਹੈ, ਜੋ ਸ਼ੀਆ ਮੁਸਲਮਾਨਾਂ ਦਾ ਇਕ ਬਹੁਤ ਵੱਡਾ ਤੀਰਥ ਅਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ, ਸ਼ਹਿਰ ’ਤੇ ਕਬਜ਼ੇ ਨੂੰ ਲੈ ਕੇ ਟਰੰਪ ਦੇ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਈਰਾਨ ’ਚ ਮਹਿੰਗਾਈ ਕਾਰਨ ਆਮ ਲੋਕਾਂ ’ਚ ਭਾਰੀ ਗੁੱਸਾ
ਦੇਸ਼ ਭਰ ’ਚ ਜੈਨ-ਜ਼ੀ ਗੁੱਸੇ ’ਚ ਹਨ। ਇਸ ਦਾ ਕਾਰਨ ਆਰਥਿਕ ਬਦਹਾਲੀ ਰਿਹਾ ਹੈ। ਦਸੰਬਰ 2025 ਵਿਚ ਈਰਾਨੀ ਮੁਦਰਾ ਰਿਆਲ ਡਿੱਗ ਕੇ ਕਰੀਬ 1.45 ਮਿਲੀਅਨ ਪ੍ਰਤੀ ਅਮਰੀਕੀ ਡਾਲਰ ਤੱਕ ਪਹੁੰਚ ਗਈ, ਜੋ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਸਾਲ ਦੀ ਸ਼ੁਰੂਆਤ ਤੋਂ ਰਿਆਲ ਦੀ ਕੀਮਤ ਲੱਗਭਗ ਅੱਧੀ ਹੋ ਚੁੱਕੀ ਹੈ। ਇੱਥੇ ਮਹਿੰਗਾਈ ਸਿਖਰ ’ਤੇ ਪਹੁੰਚ ਗਈ ਹੈ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ 72 ਫੀਸਦੀ ਅਤੇ ਦਵਾਈਆਂ ਦੀਆਂ ਕੀਮਤਾਂ ਵਿਚ 50 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ ਵੱਲੋਂ 2026 ਦੇ ਬਜਟ ਵਿਚ 62 ਫੀਸਦੀ ਟੈਕਸ ਵਧਾਉਣ ਦੇ ਪ੍ਰਸਤਾਵ ਨੇ ਆਮ ਲੋਕਾਂ ਵਿਚ ਭਾਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।

ਕ੍ਰਾਊਨ ਪ੍ਰਿੰਸ ਨੂੰ ਸੱਤਾ ਸੌਂਪਣ ਦੀ ਮੰਗ
ਈਰਾਨ ਵਿਚ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਅਯਾਤੁੱਲਾ ਰੂਹੋਲਾਹ ਖੁਮੈਨੀ ਸੱਤਾ ਵਿਚ ਆਏ। ਉਹ 1979 ਤੋਂ 1989 ਤੱਕ 10 ਸਾਲ ਸੁਪਰੀਮ ਲੀਡਰ ਰਹੇ। ਉਨ੍ਹਾਂ ਤੋਂ ਬਾਅਦ ਸੁਪਰੀਮ ਲੀਡਰ ਬਣੇ ਅਯਾਤੁੱਲਾ ਅਲੀ ਖਾਮੇਨੇਈ 1989 ਤੋਂ ਹੁਣ ਤੱਕ 37 ਸਾਲਾਂ ਤੋਂ ਸੱਤਾ ਵਿਚ ਹਨ। ਈਰਾਨ ਅੱਜ ਆਰਥਿਕ ਸੰਕਟ, ਭਾਰੀ ਮਹਿੰਗਾਈ, ਅੰਤਰਰਾਸ਼ਟਰੀ ਪਾਬੰਦੀਆਂ, ਬੇਰੁਜ਼ਗਾਰੀ, ਮੁਦਰਾ ਦੀ ਗਿਰਾਵਟ ਅਤੇ ਲਗਾਤਾਰ ਲੋਕ ਅੰਦੋਲਨਾਂ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। 47 ਸਾਲਾਂ ਬਾਅਦ ਹੁਣ ਮੌਜੂਦਾ ਆਰਥਿਕ ਬਦਹਾਲੀ ਅਤੇ ਸਖ਼ਤ ਧਾਰਮਿਕ ਸ਼ਾਸਨ ਤੋਂ ਨਾਰਾਜ਼ ਲੋਕ ਬਦਲਾਅ ਚਾਹੁੰਦੇ ਹਨ। ਇਸੇ ਕਾਰਨ 65 ਸਾਲਾ ਕ੍ਰਾਊਨ ਪ੍ਰਿੰਸ ਰਜ਼ਾ ਪਹਿਲਵੀ ਨੂੰ ਸੱਤਾ ਸੌਂਪਣ ਦੀ ਮੰਗ ਉੱਠ ਰਹੀ ਹੈ। ਪ੍ਰਦਰਸ਼ਨਕਾਰੀ ਉਨ੍ਹਾਂ ਨੂੰ ਇਕ ਧਰਮ-ਨਿਰਪੱਖ ਅਤੇ ਲੋਕਤੰਤਰੀ ਬਦਲ ਮੰਨਦੇ ਹਨ। ਨੌਜਵਾਨਾਂ ਅਤੇ ਜੈਨ-ਜ਼ੀ ਨੂੰ ਲੱਗਦਾ ਹੈ ਕਿ ਪਹਿਲਵੀ ਦੀ ਵਾਪਸੀ ਨਾਲ ਈਰਾਨ ਨੂੰ ਆਰਥਿਕ ਸਥਿਰਤਾ, ਵਿਸ਼ਵਵਿਆਪੀ ਪ੍ਰਵਾਨਗੀ ਅਤੇ ਨਿੱਜੀ ਆਜ਼ਾਦੀ ਮਿਲ ਸਕਦੀ ਹੈ।
ਤਹਿਰਾਨ ਵਿਚ 26 ਬੈਂਕ, 2 ਹਸਪਤਾਲ ਅਤੇ 25 ਮਸਜਿਦਾਂ ਨਿਸ਼ਾਨੇ ’ਤੇ
ਤਹਿਰਾਨ ਦੇ ਮੇਅਰ ਅਲੀਰੇਜ਼ਾ ਜਕਾਨੀ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਅਹਿਮ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਆਰਥਿਕ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ 26 ਬੈਂਕਾਂ ’ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਸ਼ਹਿਰ ਦੇ 2 ਹਸਪਤਾਲਾਂ ਅਤੇ 25 ਮਸਜਿਦਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਮੇਅਰ ਨੇ ਕਿਹਾ ਕਿ ਹਿੰਸਾ ਦੌਰਾਨ ਪੁਲਸ ਨਾਲ ਸਬੰਧਤ ਸਹੂਲਤਾਂ ’ਤੇ ਵੀ ਹਮਲੇ ਕੀਤੇ ਗਏ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ 48 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਕਾਰਨ ਐਮਰਜੈਂਸੀ ਸੇਵਾਵਾਂ ’ਤੇ ਮਾੜਾ ਅਸਰ ਪਿਆ ਹੈ।

ਇਹ ਵੀ ਪੜ੍ਹੋ- ''ਤਾਂ ਵੱਢ ਦਿਆਂਗੇ ਦੁਸ਼ਮਣ ਦੇ ਹੱਥ..!'' ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਰਾਨੀ ਪ੍ਰਸ਼ਾਸਨ ਨੇ ਅਖ਼ਤਿਆਰ ਕੀਤਾ ਸਖ਼ਤ ਰੁਖ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
