ਈਰਾਨ ਦਾ ਸਭ ਤੋਂ ਉੱਚਾ ਪੁਲ ਤਬਾਹ, ਟਰੰਪ ਨੇ ਕਿਹਾ- ''ਸਮਝੌਤਾ ਕਰ ਲਓ, ਨਹੀਂ ਤਾਂ ਦੇਸ਼ ''ਚ ਕੁਝ ਨਹੀਂ ਬਚੇਗਾ''
Friday, Apr 03, 2026 - 02:22 AM (IST)
ਵਾਸ਼ਿੰਗਟਨ : ਈਰਾਨ ਨਾਲ ਜਾਰੀ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਈਰਾਨ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁਥ ਸੋਸ਼ਲ' 'ਤੇ ਪੋਸਟ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਈਰਾਨ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਤੇ ਉਸ ਦੇਸ਼ ਦਾ ਕੁਝ ਵੀ ਨਾ ਬਚੇ।
ਟਰੰਪ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਵਿੱਚ ਈਰਾਨ ਦੇ ਸਭ ਤੋਂ ਵੱਡੇ B1 ਬ੍ਰਿਜ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਹ ਪੁਲ ਈਰਾਨ ਦੇ ਅਲਬੋਰਜ਼ ਸੂਬੇ ਦੇ ਕਰਜ ਸ਼ਹਿਰ ਵਿੱਚ ਸਥਿਤ ਸੀ ਅਤੇ ਇਸਨੂੰ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਸੀ। ਲਗਭਗ 136 ਮੀਟਰ ਉੱਚੇ ਅਤੇ 1,050 ਮੀਟਰ ਲੰਬੇ ਇਸ ਪੁਲ ਨੂੰ ਬਣਾਉਣ 'ਤੇ 37,000 ਕਰੋੜ ਰੁਪਏ (400 ਮਿਲੀਅਨ ਡਾਲਰ) ਤੋਂ ਵੱਧ ਦਾ ਖਰਚਾ ਆਇਆ ਸੀ। ਹਮਲੇ ਵਿੱਚ ਪੁਲ ਦੇ ਟੁੱਟਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
US President Donald Trump posts on Truth Social, "...It is time for Iran to make a deal before it is too late and there is nothing left of what still could become a great country..." pic.twitter.com/CrmxmVluPU
— ANI (@ANI) April 2, 2026
ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜੀ ਕਾਰਵਾਈ ਨੇ ਤੇਹਰਾਨ ਦੀ ਫੌਜੀ ਤਾਕਤ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਬਹੁਤ ਜਲਦ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਮਰੀਕੀ ਫੌਜ ਅਗਲੇ 2-3 ਹਫ਼ਤਿਆਂ ਤੱਕ ਈਰਾਨ 'ਤੇ ਬਹੁਤ ਜ਼ੋਰਦਾਰ ਹਮਲੇ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਧਮਕੀ ਦਿੱਤੀ ਹੈ।
ਜੰਗ ਕਾਰਨ ਈਰਾਨ ਵਿੱਚ ਹਾਲਾਤ ਬਹੁਤ ਖ਼ਰਾਬ ਹੋ ਰਹੇ ਹਨ। 28 ਫਰਵਰੀ ਨੂੰ ਸ਼ੁਰੂ ਹੋਏ ਹਮਲਿਆਂ ਤੋਂ ਹੁਣ ਤੱਕ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 26,500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਨੁਸਾਰ ਈਰਾਨ ਵਿੱਚ ਐਮਰਜੈਂਸੀ ਮੈਡੀਕਲ ਲੋੜਾਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਜੇਕਰ ਜੰਗ ਜਾਰੀ ਰਹੀ ਤਾਂ ਟਰਾਮਾ ਕਿੱਟਾਂ ਅਤੇ ਹੋਰ ਸਾਮਾਨ ਦਾ ਸਟਾਕ ਖ਼ਤਮ ਹੋ ਸਕਦਾ ਹੈ।
