ਈਰਾਨ ''ਚ ਰਾਸ਼ਟਰਪਤੀ ਚੋਣਾਂ : ਸੁਧਾਰਵਾਦੀ ਨੇਤਾ ਨੇ ਇਜ਼ਰਾਈਲ ਨੂੰ ਛੱਡ ਕੇ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧਾਂ ਦੀ ਕੀਤੀ ਵਕਾਲਤ
Friday, Jun 28, 2024 - 04:35 PM (IST)
ਦੁਬਈ - ਈਰਾਨ ਦੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਇਕਲੌਤੇ ਸੁਧਾਰਵਾਦੀ ਉਮੀਦਵਾਰ ਮਸੂਦ ਪੇਜ਼ੇਸਕੀਅਨ ਨੇ ਸ਼ੁੱਕਰਵਾਰ ਨੂੰ ਵੋਟਿੰਗ ਤੋਂ ਬਾਅਦ ਕਿਹਾ ਕਿ ਉਹ ਇਜ਼ਰਾਈਲ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਪੇਜੇਸ਼ਕੀਅਨ ਨੇ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ, ਜਦੋਂ ਹਾਲ ਹੀ 'ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਉਨ੍ਹਾਂ ਨੂੰ ਅਮਰੀਕਾ ਨਾਲ ਗੱਲਬਾਤ ਨੂੰ ਲੈ ਕੇ ਅਸਿੱਧੇ ਤੌਰ 'ਤੇ ਚਿਤਾਵਨੀ ਦਿੱਤੀ ਸੀ।
ਪੇਜ਼ੇਸਕੀਅਨ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਵੋਟਿੰਗ ਕਰਨ ਤੋਂ ਬਾਅਦ ਉਨ੍ਹਾਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ 'ਚ ਇਹ ਬਿਆਨ ਦਿੱਤਾ, ਜੋ ਵਿਸ਼ਵ ਸ਼ਕਤੀਆਂ ਨਾਲ ਦੇਸ਼ ਦੇ 2015 ਦੇ ਪ੍ਰਮਾਣੂ ਸਮਝੌਤੇ ਦੀ ਅਸਫਲਤਾ ਤੋਂ ਬਾਅਦ ਪੱਛਮੀ ਦੇਸ਼ਾਂ ਨਾਲ ਸਬੰਧ ਸਥਾਪਿਤ ਕਰਨਾ ਚਾਹੁੰਦੇ ਹਨ। ਇਹ ਚੋਣਾਂ ਪਿਛਲੇ ਮਹੀਨੇ ਇੱਕ ਜਹਾਜ਼ ਹਾਦਸੇ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਹੋ ਰਹੀਆਂ ਹਨ।
ਵੋਟਰਾਂ ਨੂੰ ਦੋ ਕੱਟੜਪੰਥੀ ਉਮੀਦਵਾਰਾਂ ਸਈਦ ਜਲੀਲੀ ਅਤੇ ਮੁਹੰਮਦ ਬਾਗੇਰ ਕਾਲੀਬਾਫ ਅਤੇ ਸੁਧਾਰਵਾਦੀ ਵਜੋਂ ਜਾਣੇ ਜਾਂਦੇ ਉਮੀਦਵਾਰ ਪੇਜੇਸ਼ਕੀਅਨ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ। ਇਹ ਚੋਣਾਂ ਅਜਿਹੇ ਸਮੇਂ 'ਚ ਹੋ ਰਹੀਆਂ ਹਨ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਪੱਛਮੀ ਏਸ਼ੀਆ 'ਚ ਵਿਆਪਕ ਤਣਾਅ ਹੈ ਅਤੇ ਈਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਸੂਦ ਦਾ ਝੁਕਾਅ ਸਾਬਕਾ ਰਾਸ਼ਟਰਪਤੀ ਹਸਨ ਰੂਹਾਨੀ ਵੱਲ ਹੈ, ਜਿਸ ਦੇ ਸ਼ਾਸਨ ਅਧੀਨ ਤਹਿਰਾਨ ਨੇ ਵਿਸ਼ਵ ਸ਼ਕਤੀਆਂ ਨਾਲ 2015 ਦਾ ਪ੍ਰਮਾਣੂ ਸਮਝੌਤਾ ਕੀਤਾ ਸੀ।