ਈਰਾਨ ਨੇ ਕੀਤੀ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ, ਸੁਰੱਖਿਅਤ ਛੁਡਾਏ ਆਪਣੇ ਫ਼ੌਜੀ

02/05/2021 8:23:30 AM

ਤਹਿਰਾਨ- ਗੁਆਂਢੀ ਦੇਸ਼ ਪਾਕਿਸਤਾਨ ਵਿਚ ਇਕ ਹੋਰ ਸਰਜੀਕਲ ਸਟ੍ਰਾਈਕ ਦੀ ਖ਼ਬਰ ਹੈ। ਇਸ ਵਾਰ ਇਹ ਸਟ੍ਰਾਈਕ ਈਰਾਨ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (ਆਈ. ਆਰ. ਜੀ. ਸੀ.) ਨੇ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਆਪਣੇ ਫ਼ੌਜੀਆਂ ਨੂੰ ਅੱਤਵਾਦੀਆਂ ਕੋਲੋਂ ਰਿਹਾਅ ਕਰਾ ਲਿਆ ਹੈ। ਈਰਾਨ ਦੀ ਫ਼ੌਜ ਨੇ ਇਕ ਬਿਆਨ ਵਿਚ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਇਕ ਖੁਫ਼ੀਆ ਆਪਰੇਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਦੋ ਫ਼ੌਜੀਆਂ ਨੂੰ ਛੁਡਾ ਲਿਆ ਹੈ। 

ਦੱਖਣੀ-ਪੂਰਬੀ ਈਰਾਨ ਵਿਚ ਆਈ. ਆਰ. ਜੀ. ਸੀ. ਗ੍ਰਾਊਂਡ ਫੋਰਸ ਦੇ ਕੁਦਸ ਬੇਸ ਨੇ ਇਕ ਬਿਆਨ ਵਿਚ ਕਿਹਾ,"ਦੋ-ਢਾਈ ਸਾਲ ਪਹਿਲਾਂ ਜੈਸ਼ ਉਲ-ਅਦਲ ਸੰਗਠਨ ਵਲੋਂ ਬੰਦੀ ਬਣਾਏ ਗਏ ਆਪਣੇ 2 ਗਾਰਡਜ਼ ਜੋ ਸਰਹੱਦ 'ਤੇ ਸਨ, ਨੂੰ ਛੁਡਾਉਣ ਲ਼ਈ ਮੰਗਲਵਾਰ ਰਾਤ ਇਕ ਸਫ਼ਲ ਆਪਰੇਸ਼ਨ ਕੀਤਾ ਗਿਆ।" ਬਿਆਨ ਮੁਤਾਬਕ ਫ਼ੌਜੀਆਂ ਨੂੰ ਸਹੀ ਸਲਾਮਤ ਈਰਾਨ ਵਾਪਸ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਈਰਾਨ ਦੀ ਆਈ. ਆਰ. ਜੀ. ਸੀ. ਨੇ ਪਾਕਿਸਤਾਨ ਅੰਦਰ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। 

ਰਿਪੋਰਟ ਮੁਤਾਬਕ ਪਾਕਿਸਤਾਨ ਦੇ ਇਕ ਕੱਟੜਪੰਥੀ ਵਹਾਬੀ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ਨੇ 16 ਅਕਤੂਬਰ, 2018 ਨੂੰ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਬਲੋਚਿਸਤਾਨ ਸੂਬੇ ਦੇ ਮਰਕਵਾ ਸ਼ਹਿਰ ਵਿਚ 12 ਆਈ. ਆਰ. ਜੀ. ਸੀ. ਗਾਰਡਾਂ ਨੂੰ ਪਾਕਿਸਤਾਨੀ ਖੇਤਰ ਵਿਚ ਅਗਵਾ ਕਰ ਲਿਆ ਸੀ। 15 ਨਵੰਬਰ, 2018 ਨੂੰ ਪੰਜ ਫ਼ੌਜੀਆਂ ਨੂੰ ਰਿਹਾਅ ਕੀਤਾ ਗਿਆ। ਇਸ ਦੇ ਬਾਅਦ 4 ਹੋਰ ਈਰਾਨੀ ਫ਼ੌਜੀਆਂ ਨੂੰ 21 ਮਾਰਚ, 2019 ਨੂੰ ਪਾਕਿਸਤਾਨੀ ਫ਼ੌਜ ਵਲੋਂ ਰੈਸਕਿਊ ਕੀਤਾ ਗਿਆ। ਖ਼ਬਰਾਂ ਮੁਤਾਬਕ ਬਲੋਚਿਸਤਾਨ ਸੂਬੇ ਵਿਚ ਇਸ ਨੂੰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ। 

ਇਹ ਵੀ ਪੜ੍ਹੋ-  7 ਫਰਵਰੀ ਤੋਂ ਸ਼ੁਰੂ ਹੋਵੇਗੀ ਪੰਜਾਬ ਦੇ 5 ਜ਼ਿਲ੍ਹਿਆਂ 'ਚ ਫ਼ੌਜ ਲਈ ਭਰਤੀ ਰੈਲੀ

ਦੱਸ ਦਈਏ ਕਿ ਜੈਸ਼ ਉਲ-ਅਦਲ ਇਕ ਘੋਸ਼ਿਤ ਅੱਤਵਾਦੀ ਸੰਗਠਨ ਹੈ, ਜੋ ਮੁੱਖ ਤੌਰ 'ਤੇ ਦੱਖਣੀ-ਪੂਰਬੀ ਈਰਾਨ ਵਿਚ ਕਿਰਿਆਸ਼ੀਲ ਹੈ। ਇਹ ਅੱਤਵਾਦੀ ਸੰਗਠਨ ਈਰਾਨ ਵਿਚ ਕਈ ਨਾਗਰਿਕ ਤੇ ਫ਼ੌਜੀ ਟਿਕਾਣਿਆਂ 'ਤੇ ਹਮਲੇ ਕਰ ਚੁੱਕਾ ਹੈ। ਇਸ ਸੰਗਠਨ ਨੇ ਬਲੋਚਿਸਤਾਨ ਵਿਚ ਵੀ ਕਤਲੇਆਮ ਕੀਤਾ ਹੈ। 

►ਈਰਾਨ ਦੀ ਪਾਕਿਸਤਾਨ ਵਿਚ ਹੋਈ ਸਰਜੀਕਲ ਸਟ੍ਰਾਈਕ 'ਤੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News