ਅਮਰੀਕਾ ਨੇ ਗਲਤੀ ਨਾਲ ਆਪਣਾ ਹੀ ਡਰੋਨ ਕੀਤਾ ਹੋਵੇਗਾ ਨਸ਼ਟ : ਈਰਾਨੀ ਉਪ ਵਿਦੇਸ਼ ਮੰਤਰੀ

Friday, Jul 19, 2019 - 03:11 PM (IST)

ਅਮਰੀਕਾ ਨੇ ਗਲਤੀ ਨਾਲ ਆਪਣਾ ਹੀ ਡਰੋਨ ਕੀਤਾ ਹੋਵੇਗਾ ਨਸ਼ਟ : ਈਰਾਨੀ ਉਪ ਵਿਦੇਸ਼ ਮੰਤਰੀ

ਤੇਹਰਾਨ (ਭਾਸ਼ਾ)— ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸ਼ੁੱਕਰਵਾਰ ਨੂੰ ਹਾਲ ਹੀ ਵਿਚ ਅਮਰੀਕਾ ਵੱਲੋਂ ਈਰਾਨੀ ਡਰੋਨ ਨਸ਼ਟ ਕੀਤੇ ਜਾਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਅਮਰੀਕਾ ਨੇ ਸੰਭਵ ਤੌਰ 'ਤੇ ਗਲਤੀ ਨਾਲ ਆਪਣਾ ਹੀ ਡਰੋਨ ਨਸ਼ਟ ਕਰ ਲਿਆ ਹੈ। ਅਰਾਘਚੀ ਨੇ ਟਵੀਟ ਕੀਤਾ,''ਹੋਰਮੁਜ਼ ਜਲਡਮਰੂਮੱਧ ਜਾਂ ਕਿਤੇ ਵੀ ਸਾਡਾ ਕੋਈ ਡਰੋਨ ਨਸ਼ਟ ਨਹੀਂ ਕੀਤਾ ਗਿਆ ਹੈ। ਮੈਨੂੰ ਚਿੰਤਾ ਹੈ ਕਿ ਯੂ.ਐੱਸ.ਐੱਸ. ਬਾਕਸਰ ਨੇ ਕਿਤੇ ਗਲਤੀ ਨਾਲ ਆਪਣਾ ਹੀ ਡਰੋਨ ਨਸ਼ਟ ਨਾ ਕਰ ਦਿੱਤਾ ਹੋਵੇ।''

 

ਇਸ ਤੋਂ ਪਹਿਲਾਂ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਈਰਾਨ ਦੇ ਮਨੁੱਖ ਰਹਿਤ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਜੰਗੀ ਜਹਾਜ਼ ਯੂ.ਐੱਸ.ਐੱਸ. ਬਾਕਸਰ ਨੇ ਈਰਾਨੀ ਜਹਾਜ਼ ਵਿਰੁੱਧ ਰੱਖਿਆਤਮਕ ਕਾਰਵਾਈ ਕੀਤੀ ਕਿਉਂਕਿ ਉਹ ਉਸ ਦੇ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ 'ਤੇ ਖਤਰਾ ਬਣ ਗਿਆ ਸੀ। ਟਰੰਪ ਨੇ ਕਿਹਾ ਕਿ ਜਦੋਂ ਡਰੋਨ ਬਾਕਸਰ ਤੋਂ ਸਿਰਫ 1000 ਯਾਰਡ ਦੀ ਦੂਰੀ 'ਤੇ ਪਹੁੰਚਿਆ ਉਦੋਂ ਤੁਰੰਤ ਉਸ ਨੂੰ ਨਸ਼ਟ ਕਰ ਦਿੱਤਾ ਗਿਆ। 

ਉੱਧਰ ਤੇਹਰਾਨ ਦੇ ਸੀਨੀਅਰ ਡਿਪਲੋਮੈਟ ਮੁਹੰਮਦ ਜਾਵੇਦ ਜ਼ਰੀਫ ਨੇ ਵੀਰਵਾਰ ਨੂੰ ਨਿਊਯਾਰਕ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਅੱਜ ਕਿਸੇ ਵੀ ਡਰੋਨ ਨੂੰ ਨਸ਼ਟ ਕੀਤੇ ਜਾਣ ਦੀ ਸੂਚਨਾ ਨਹੀਂ ਹੈ।


author

Vandana

Content Editor

Related News