ਇਪਸਾ ਵੱਲੋਂ ਰਵਿੰਦਰ ਸਿੰਘ ਦੀ ਕਿਤਾਬ ‘ਯਾਦਾਂ ਦੇ ਖੰਡਰ’ ਲੋਕ ਅਰਪਣ ਅਤੇ ਕਵੀ ਦਰਬਾਰ ਆਯੋਜਿਤ

Monday, Aug 23, 2021 - 01:11 PM (IST)

ਇਪਸਾ ਵੱਲੋਂ ਰਵਿੰਦਰ ਸਿੰਘ ਦੀ ਕਿਤਾਬ ‘ਯਾਦਾਂ ਦੇ ਖੰਡਰ’ ਲੋਕ ਅਰਪਣ ਅਤੇ ਕਵੀ ਦਰਬਾਰ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਸ਼ਾਇਰ ਰਵਿੰਦਰ ਸਿੰਘ ਦੀ ਕਿਤਾਬ ‘ਯਾਦਾਂ ਦੇ ਖੰਡਰ’ ਲੋਕ ਅਰਪਣ ਕੀਤੀ ਗਈ। 

ਰੁਪਿੰਦਰ ਸੋਜ਼ ਨੇ ਕਿਤਾਬ ਬਾਰੇ ਬੋਲਦਿਆਂ ਦੱਸਿਆ ਕਿ ਰਵਿੰਦਰ ਸਿੰਘ ਦੀ ਕਵਿਤਾ ਵਿਚ ਮੁਹੱਬਤ ਦੀ ਨਿਛੋਹ ਭਾਵਨਾ ਅਤੇ ਦਰਦ ਦਾ ਵੇਗ ਬਹੁਤ ਤੀਬਰਤਾ ਨਾਲ ਪੇਸ਼ ਹੋਇਆ ਹੈ। ਇਸ ਵਿਚ ਪਿਆਰ ਦੀ ਸੁੱਚਤਾ ਅਤੇ ਸਮਾਜਿਕ ਪ੍ਰਸਥਿਤੀਆਂ ਦੀ ਕਰੂਰਤਾ ਨੂੰ ਬੜੇ ਹੀ ਸਹਿਜ ਅੰਦਾਜ਼ ਨਾਲ ਸਿਰਜਿਆ ਗਿਆ ਹੈ। ਇਸ ਮੌਕੇ ਮਨਜੀਤ ਬੋਪਾਰਾਏ ਅਤੇ ਜਗਦੀਪ ਗਿੱਲ ਨੇ ਅਫ਼ਗ਼ਾਨਿਸਤਾਨ ਦੇ ਸੰਕਟ ਅਤੇ ਅੰਤਰ ਰਾਸ਼ਟਰੀ ਸਮੀਕਰਨਾਂ ਬਾਰੇ ਵਿਚਾਰ ਚਰਚਾ ਕੀਤੀ। ਦਲਵੀਰ ਹਲਵਾਰਵੀ, ਪਾਲ ਰਾਊਕੇ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਸੁਰਜੀਤ ਸੰਧੂ, ਪੁਸ਼ਪਿੰਦਰ ਤੂਰ, ਹਰਜੀਤ ਕੌਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਕਾਬੁਲ 'ਚੋਂ 300 ਲੋਕਾਂ ਨੂੰ ਕੱਢਿਆ ਸੁਰੱਖਿਅਤ : ਸਕੌਟ ਮੌਰੀਸਨ

ਇਸ ਸਾਹਿਤਕ ਬੈਠਕ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਇੰਗਲੈਂਡ ਨਿਵਾਸੀ ਕਲਮਕਾਰ ਐੱਸ ਬਲਵੰਤ ਅਤੇ ਪ੍ਰੋ: ਸੁਰਜੀਤ ਸਿੰਘ ਖਾਲਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਬਾਸੀ, ਗੁਰਸੇਵਕ ਰਾਊਕੇ, ਗੁਰਵਿੰਦਰ ਖੱਟੜਾ, ਰਣਵੀਰ ਸਿੰਘ ਆਦਿ ਪਤਵੰਤੇ ਸੱਜਣ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਦਲਵੀਰ ਹਲਵਾਰਵੀ ਵਲੋਂ ਬਾਖੂਬੀ ਨਿਭਾਈ ਗਈ।


author

Vandana

Content Editor

Related News