ਇਪਸਾ ਵੱਲੋਂ ਪ੍ਰੋ. ਮੱਖਣ ਸਿੰਘ ਦਾ ਸਨਮਾਨ ਅਤੇ ਡਾ. ਗੋਪਾਲ ਬੁੱਟਰ ਦੀ ਕਿਤਾਬ ਲੋਕ ਅਰਪਣ

Monday, Jun 19, 2023 - 11:00 AM (IST)

ਇਪਸਾ ਵੱਲੋਂ ਪ੍ਰੋ. ਮੱਖਣ ਸਿੰਘ ਦਾ ਸਨਮਾਨ ਅਤੇ ਡਾ. ਗੋਪਾਲ ਬੁੱਟਰ ਦੀ ਕਿਤਾਬ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਪੰਜਾਬ ਤੋਂ ਆਏ ਸਿਰਮੌਰ ਕਬੱਡੀ ਪ੍ਰਵਕਤਾ ਪ੍ਰੋਫ਼ੈਸਰ ਮੱਖਣ ਸਿੰਘ ਹਕੀਮਪੁਰ ਦੇ ਸਨਮਾਨ ਵਿੱਚ ਅਦਬੀ ਮਾਸਿਕ ਲੜੀ ਤਹਿਤ ਜੂਨ ਮਹੀਨੇ ਦੇ ਪ੍ਰੋਗਰਾਮ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਚ ਕਰਵਾਇਆ ਗਿਆ। ਇਸ ਵਿਚ ਡਾ. ਗੋਪਾਲ ਸਿੰਘ ਬੁੱਟਰ ਦੁਆਰਾ ਲਿਖਿਤ ਪੁਸਤਕ ਸਾਹਿਤ ਚਿੰਤਨ : ਸਿਧਾਂਤਕ ਪਾਸਾਰ ਲੋਕ ਅਰਪਣ ਕੀਤੀ ਗਈ। ਕਬੱਡੀ ਕੋਚ, ਗਾਇਕ ਅਤੇ ਖੇਡ ਹਸਤੀ ਬਲਦੇਵ ਸਿੰਘ ਨਿੱਝਰ ਨੇ ਪ੍ਰੋ. ਮੱਖਣ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਦੀ ਕਬੱਡੀ ਨੂੰ ਵਡਮੁੱਲੀ ਦੇਣ, ਦਾਇਤਵ ਅਤੇ ਉਹਨਾਂ ਦੀ ਸਾਹਿਤਕ ਸ਼ਬਦਾਵਲੀ ਵਿੱਚ ਗੁੰਨ੍ਹੀ ਹੋਈ ਕੁਮੈਂਟਰੀ ਬਾਰੇ ਚਾਨਣਾ ਪਾਇਆ। ਪ੍ਰੋਫ਼ੈਸਰ ਰਜਿੰਦਰ ਸਿੰਘ ਲੁਧਿਆਣਾ ਨੇ ਆਪਣੀਆਂ ਕਬੱਡੀ ਨਾਲ ਜੁੜੀਆਂ ਹੋਈਆਂ ਯਾਦਾਂ ਅਤੇ ਪ੍ਰੋ. ਮੱਖਣ ਸਿੰਘ ਦੀ ਸ਼ਖਸੀਅਤ ਬਾਰੇ ਗੱਲ-ਬਾਤ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਯੋਗ ਦਿਵਸ 2023 : PM ਮੋਦੀ 21 ਜੂਨ ਨੂੰ ਅਮਰੀਕਾ 'ਚ ਯੋਗ ਸੈਸ਼ਨ ਦੀ ਕਰਨਗੇ ਅਗਵਾਈ

ਸਮਾਗਮ ਦੇ ਦੂਸਰੇ ਹਿੱਸੇ ਵਿੱਚ ਬਾਲ ਸਾਹਿਤਕਾਰ ਸੁਰਜੀਤ ਸੰਧੂ, ਜਤਿੰਦਰ ਸਿੰਘ, ਅਮਨਦੀਪ ਸਿੰਘ, ਰੁਪਿੰਦਰ ਸੋਜ਼ ਅਤੇ ਗੁਰਦੀਪ ਜਗੇੜਾ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਦਿਲਕਸ਼ ਬਣਾ ਦਿੱਤਾ। ਅੰਤ ਵਿਚ ਪ੍ਰੋ. ਮੱਖਣ ਸਿੰਘ ਨੇ ਆਪਣੇ ਆਸਟ੍ਰੇਲੀਆ ਦੌਰੇ ਦੀਆਂ ਯਾਦਾਂ, ਤਜਰਬੇ, ਲੋਕਾਂ ਦੀ ਮਹਿਮਾਨ ਨਿਵਾਜੀ ਅਤੇ ਕਬੱਡੀ ਦੀ ਚੜ੍ਹਦੀ ਕਲਾ ਬਾਰੇ ਵਿਚਾਰ ਪੇਸ਼ ਕੀਤੇ। ਇਪਸਾ ਦੇ ਕਾਰਜਾਂ ਦੀ ਵਡਿਆਈ ਕਰਦਿਆਂ ਇਨ੍ਹਾਂ ਨੂੰ ਪਰਵਾਸੀ ਧਰਤੀ ਤੇ ਅਰਥ ਪੂਰਨ ਉਪਰਾਲਿਆਂ ਵਜੋਂ ਤਸਦੀਕ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਤਰਸੇਮ ਸਿੰਘ ਸਹੋਤਾ, ਗੁਰਦੀਪ ਮਲਹੋਤਰਾ, ਸੇਵਾ ਸਿੰਘ ਢੰਡਾ, ਬਿਕਰਮਜੀਤ ਸਿੰਘ, ਡੀ ਐੱਸ ਪੀ ਰਮੇਸ਼ ਚੰਦਰ ਪਲਤਾ, ਪਾਲ ਰਾਊਕੇ, ਸ਼ਮਸ਼ੇਰ ਸਿੰਘ ਚੀਮਾ, ਜੀਵਨ ਸੰਧੂ, ਜਸਟਿਸ ਆਫ਼ ਪੀਸ ਦਲਵੀਰ ਹਲਵਾਰਵੀ, ਬਲਵਿੰਦਰ ਕੌਰ ਵਿਰਕ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News