ਸੁਭਾਵਿਕ ਮੌਤ ਨਹੀਂ, ਗਲਾ ਘੋਟ ਕੇ ਕੀਤਾ ਗਿਆ ਸੀ ਪਾਕਿ-ਇਟਾਲੀਅਨ ਕੁੜੀ ਦਾ ਕਤਲ

05/09/2018 6:57:47 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 26 ਸਾਲਾ ਪਾਕਿਸਤਾਨੀ-ਇਟਾਲੀਅਨ ਲੜਕੀ ਦੀ ਮੌਤ ਦੇ ਮਾਮਲੇ ਵਿਚ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਸੁਭਾਵਿਕ ਨਹੀਂ ਸਗੋਂ ਉਸ ਦਾ ਕਤਲ ਕੀਤਾ ਗਿਆ ਸੀ। ਜਾਂਚ ਰਿਪੋਰਟ ਦੌਰਾਨ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਸਨਾ ਚੀਮਾ ਦੇ ਪਿਤਾ,ਭਰਾ ਅਤੇ ਇਕ ਚਾਚਾ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਉੱਤੇ ਕਤਲ ਦਾ ਦੋਸ਼ ਲਗਾਇਆ ਹੈ। ਪੰਜਾਬ ਫਾਰੈਂਸਿਕ ਅਤੇ ਵਿਗਿਆਨ ਪ੍ਰਯੋਗਸ਼ਾਲਾ ਨੇ ਜਾਂਚ ਰਿਪੋਰਟ ਜਾਰੀ ਕੀਤੀ ਹੈ। ਇਸ ਤੋਂ ਪਤਾ ਲੱਗਾ ਹੈ ਕਿ ਸਨਾ ਚੀਮਾ ਦੀ ਗਰਦਨ ਦੀ ਹੱਡੀ ਟੁੱਟੀ ਹੋਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਮਾ ਦੀ ਮੌਤ ਸੁਭਾਵਿਕ ਨਹੀਂ ਸਗੋਂ ਗਲਾ ਘੋਟ ਕੇ ਕੀਤੀ ਗਈ ਸੀ। ਇਹ ਘਟਨਾ ਲਾਹੌਰ ਤੋਂ 150 ਕਿਲੋਮੀਟਰ ਦੂਰ ਕੁੰਜਾ ਵਿਚ ਵਾਪਰੀ ਸੀ। ਅਦਾਲਤ ਦੇ ਹੁਕਮ ਉੱਤੇ 24 ਅਪ੍ਰੈਲ ਨੂੰ ਚੀਮਾ ਦੀ ਲਾਸ਼ ਕਬਰ ਤੋਂ ਬਾਹਰ ਕੱਢੀ ਗਈ। ਪੁਲਸ ਨੇ ਆਨਰ ਕਿਲਿੰਗ ਦਾ ਖਦਸ਼ਾ ਜਤਾਇਆ ਸੀ। ਚੀਮਾ ਦੇ ਪਰਿਵਾਰ ਨੇ ਉਸ ਦੀ ਮੌਤ ਨੂੰ ਸੁਭਾਵਿਕ ਦੱਸਿਆ ਸੀ ਅਤੇ ਲਾਸ਼ ਨੂੰ 18 ਅਪ੍ਰੈਲ ਨੂੰ ਦਫਨਾ ਦਿੱਤਾ। ਖਬਰਾਂ ਮੁਤਾਬਕ ਚੀਮਾ 2002 ਤੋਂ ਇਟਲੀ ਵਿਚ ਰਹਿੰਦੀ ਸੀ ਅਤੇ ਉਹ 19 ਅਪ੍ਰੈਲ ਨੂੰ ਵਾਪਸ ਇਟਲੀ ਜਾਣ ਵਾਲੀ ਸੀ ਪਰ ਇਕ ਦਿਨ ਪਹਿਲਾਂ ਹੀ ਉਸ ਨੂੰ ਕਤਲ ਕਰ ਦਿੱਤਾ ਗਿਆ। ਉਹ ਇਟਲੀ ਵਿਚ ਇਕ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਨੇ ਪਰਿਵਾਰ ਅੰਦਰ ਹੀ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਹ ਦੋ ਮਹੀਨੇ ਪਹਿਲਾਂ ਹੀ ਪਾਕਿਸਤਾਨ ਆਈ ਸੀ। 


Related News