ਗਲਾਸਗੋ ਵਿਖੇ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਗਿਆ

Monday, Jun 22, 2020 - 09:15 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿੱਚ ਸਕਾਟਲੈਂਡ ਦੇ ਵੱਖ-ਵੱਖ 8 ਅਸਥਾਨਾਂ 'ਤੇ 20 ਤੋਂ 27 ਜੂਨ ਤੱਕ ਯੋਗ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਹਿਤੇਸ਼ ਰਾਜਪਾਲ ਦੀ ਅਗਵਾਈ ਹੇਠ ਸਕਾਟਲੈਂਡ ਭਰ ਵਿੱਚ ਮਨਾਏ ਜਾ ਰਹੇ ਯੋਗ ਦਿਹਾੜੇ ਨੂੰ "ਘਰ ਘਰ ਵਿੱਚ ਯੋਗਾ" ਦੇ ਨਾਅਰੇ ਨਾਲ ਮਨਾਉਣ ਦਾ ਉਪਰਾਲਾ ਕੀਤਾ ਗਿਆ।

PunjabKesari

ਕੋਰੋਨਾ ਵਾਇਰਸ ਕਰਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿੱਥੇ ਲੋਕਾਂ ਨੇ ਘਰਾਂ ਵਿੱਚ ਰਹਿਣ ਕੇ ਯੋਗਾ ਕੀਤਾ ਉੱਥੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਦਿਆਂ ਗਲਾਸਗੋ ਦੇ ਹਿੰਦੂ ਮੰਦਰ ਵਿਖੇ ਵੀ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨ, ਹਿੰਦੂ ਮੰਦਰ ਕਮੇਟੀ ਅਤੇ ਸਮੂਹ ਭਰਾਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਯੋਗਾ ਦਿਵਸ ਮਨਾਇਆ ਗਿਆ। ਭਾਰਤ ਸਰਕਾਰ ਵੱਲੋਂ ਦਿੱਤੇ ਸੁਨੇਹਿਆਂ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੀ ਹਿਤੇਸ਼ ਰਾਜਪਾਲ ਵੱਲੋਂ ਸਕਾਟਲੈਂਡ ਦੇ ਲੋਕਾਂ ਵਿੱਚ ਯੋਗ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਸੰਦੇਸ਼ ਵੀ ਜਾਰੀ ਕੀਤਾ ਗਿਆ ਸੀ।

ਸਮਾਗਮ ਵਿੱਚ ਅੰਮ੍ਰਿਤਪਾਲ ਕੌਸ਼ਲ ਵੱਲੋਂ ਹਾਜਰੀਨ ਨੂੰ ਯੋਗਾ ਦੇ ਗੁਰ ਦੱਸਦਿਆਂ ਬਾਰੀਕੀ ਨਾਲ ਯੋਗ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਅਚਾਰੀਆ ਮੇਧਿਨੀ ਪਤੀ ਮਿਸ਼ਰਾ, ਦੀਪਕ ਸਾਸ਼ਤਰੀ, ਮਰੀਦੁਲਾ ਚਕਰਬੋਰਤੀ, ਸ਼ਾਂਤੀ ਪ੍ਰਭਾਕਰ, ਰੇਅ ਬਰੈਡੀ, ਫਰੈਂਕ, ਰਾਖੀ ਆਦਿ ਵੱਲੋਂ ਯੋਗ ਸਾਧਨਾ ਕੀਤੀ। ਸਮਾਪਤੀ ਮੌਕੇ ਸ੍ਰੀਮਤੀ ਮਰੀਦੁਲਾ ਚਕਰਬੋਰਤੀ ਨੇ ਜਿੱਥੇ ਹਾਜਰੀਨ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਹਾਈ ਕਮਿਸ਼ਨਰ ਦਫ਼ਤਰ ਲੰਡਨ ਅਤੇ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਹਿਤੇਸ਼ ਰਾਜਪਾਲ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।


Lalita Mam

Content Editor

Related News