ਅਫਗਾਨਿਸਤਾਨ ਦੀ ਸਾਬਕਾ ਸੰਸਦ ਮੈਂਬਰ ਦੇ ਕਤਲ ਦੀ ਕਈ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਨੇ ਕੀਤੀ ਨਿੰਦਾ

Tuesday, Jan 17, 2023 - 05:25 PM (IST)

ਕਾਬੁਲ (ਭਾਸ਼ਾ) : ਅਫਗਾਨਿਸਤਾਨ ਦੀ ਇਕ ਸਾਬਕਾ ਸੰਸਦ ਮੈਂਬਰ ਦੇ ਕਤਲ ਦੀ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਸਮੇਤ ਕਈ ਅੰਤਰਰਾਸ਼ਟਰੀ ਸੰਗਠਨਾਂ ਅਤੇ ਦੇਸ਼ਾਂ ਨੇ ਨਿੰਦਾ ਕੀਤੀ। ਸਾਬਕਾ ਸੰਸਦ ਮੈਂਬਰ ਮੁਰਸਲ ਨਬੀਜ਼ਾਦਾ ਅਤੇ ਉਨ੍ਹਾਂ ਦੇ ਅੰਗ ਰੱਖਿਅਕ ਨੂੰ ਅਣਪਛਾਤੇ ਹਮਲਾਵਰਾਂ ਨੇ ਕਾਬੁਲ ਵਿੱਚ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਦਿੱਤੀ ਸੀ। ਨਬੀਜ਼ਾਦਾ ਉਨ੍ਹਾਂ ਕੁਝ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਇੱਕ ਸੀ ਜੋ ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਵੀ ਕਾਬੁਲ ਵਿੱਚ ਰਹਿ ਰਹੀਆਂ ਸਨ। ਦੇਸ਼ ਵਿੱਚ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਸ਼ਹਿਰ ਵਿੱਚ ਪੁਰਾਣੀ ਸਰਕਾਰ ਦੇ ਕਿਸੇ ਸੰਸਦ ਮੈਂਬਰ ਦਾ ਕਤਲ ਕੀਤਾ ਗਿਆ ਹੈ।

ਅਫਗਾਨਿਸਤਾਨ ਵਿੱਚ ਅਮਰੀਕਾ ਦੀ ਅੰਤਰਿਮ ਰਾਜਦੂਤ ਕੈਰਨ ਡੇਕਰ ਨੇ ਟਵੀਟ ਕੀਤਾ, “ਗੁਨਾਹਗਾਰਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਮੁਰਸਲ ਨਬੀਜ਼ਾਦਾ ਦੇ ਕਤਲ ਤੋਂ ਗੁੱਸੇ ਵਿਚ ਅਤੇ ਦੁਖੀ ਹਾਂ। ਇਹ ਇੱਕ ਦੁਖਦਾਈ ਨੁਕਸਾਨ ਹੈ। ਮੈਂ ਮੁਰਸਲ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਇਸ ਬੇਤੁਕੀ ਕਾਰਵਾਈ ਤੋਂ ਬਾਅਦ ਨਿਆਂ ਮਿਲੇਗਾ।" ਸੰਯੁਕਤ ਰਾਸ਼ਟਰ ਦੀ ਸਹਿਯੋਗੀ ਮਹਿਲਾ ਬੁਲਾਰਾ ਸਟੇਫਨੀ ਟ੍ਰੈਂਬਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਨਬੀਜ਼ਾਦਾ ਦੇ ਕਤਲ ਮਾਮਲੇ ਦੀ ਤੇਜ਼, ਪੂਰੀ ਅਤੇ ਪਾਰਦਰਸ਼ੀ ਜਾਂਚ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਦੀ ਮੰਗ ਕੀਤੀ ਹੈ।

ਯੂਰਪੀਅਨ ਪਾਰਲੀਮੈਂਟ ਦੀ ਮੈਂਬਰ ਹੈਨਾ ਨਿਊਮੈਨ ਨੇ ਵੀ ਟਵੀਟ ਕਰਕੇ ਨਬੀਜ਼ਾਦਾ ਦੇ ਕਤਲ 'ਤੇ ਸੋਗ ਜ਼ਾਹਰ ਕੀਤਾ। ਅਫਗਾਨਿਸਤਾਨ ਵਿੱਚ ਪੱਛਮੀ ਦੇਸ਼ ਵੱਲੋਂ ਸਮਰਥਿਤ ਸਾਬਕਾ ਸਰਕਾਰ ਵਿੱਚ ਉੱਚ ਅਧਿਕਾਰੀ ਰਹੇ ਅਬਦੁੱਲਾ ਅਬਦੁੱਲਾ ਨੇ ਕਿਹਾ ਕਿ ਉਹ ਨਬੀਜ਼ਾਦਾ ਦੀ ਮੌਤ ਤੋਂ ਦੁਖੀ ਹਨ ਅਤੇ ਉਮੀਦ ਕਰਦੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਨੇ ਨਬੀਜ਼ਾਦਾ ਨੂੰ "ਲੋਕਾਂ ਦਾ ਪ੍ਰਤੀਨਿਧੀ ਅਤੇ ਸੇਵਕ" ਦੱਸਿਆ। ਸਥਾਨਕ ਪੁਲਸ ਮੁਖੀ ਹਮੀਦੁੱਲਾ ਖਾਲਿਦ ਨੇ ਦੱਸਿਆ ਸੀ ਕਿ ਹਮਲੇ 'ਚ ਸਾਬਕਾ ਸੰਸਦ ਮੈਂਬਰ ਦਾ ਭਰਾ ਅਤੇ ਇਕ ਹੋਰ ਅੰਗ ਰੱਖਿਅਕ ਵੀ ਜ਼ਖ਼ਮੀ ਹੋਏ ਹਨ, ਜਦਕਿ ਤੀਜਾ ਸੁਰੱਖਿਆ ਗਾਰਡ ਪੈਸੇ ਅਤੇ ਗਹਿਣੇ ਲੈ ਕੇ ਘਰੋਂ ਭੱਜ ਗਿਆ ਹੈ।


cherry

Content Editor

Related News