ਇਟਲੀ ਯੂਰਪ ਦਾ ਪਹਿਲਾ ਦੇਸ਼ ਜਿੱਥੇ ਹਵਾਈ ਅੱਡੇ 'ਤੇ ਇੱਕੋ ਦਿਨ 3000 ਲੋਕਾਂ ਨੂੰ ਲੱਗ ਸਕੇਗੀ ਵੈਕਸੀਨ
Thursday, Feb 04, 2021 - 01:13 PM (IST)
ਰੋਮ/ਇਟਲੀ (ਦਲਵੀਰ ਕੈਂਥ): ਕੋਵਿਡ-19 ਤੋਂ ਨਿਜਾਤ ਪਾਉਣ ਲਈ ਇਟਲੀ ਵਲੋਂ ਹਰ ਰੋਜ਼ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਟਲੀ ਵਾਸੀਆਂ ਨੂੰ ਐਂਟੀ ਕੋਂਵਿਡ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਰਾਜਧਾਨੀ ਰੋਮ ਵਿਖੇ ਸਥਿਤ ਫਿਊਮੀਚੀਨੋ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ ਇਸ ਹਵਾਈ ਅੱਡੇ 'ਤੇ ਆਉਣ-ਜਾਣ ਵਾਲੇ ਯਾਤਰੀਆਂ ਲਈ ਵੀ ਐਂਟੀ ਕੋਵਿਡ-19 ਵੈਕਸੀਨ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਹਵਾਈ ਅੱਡੇ ਤੋਂ ਬਾਹਰ ਪਾਰਕਿੰਗ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਹੱਬ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ 15 ਫਰਵਰੀ, 2021 ਤੋਂ ਕੀਤੀ ਜਾਵੇਗੀ।
ਇਸ ਹਵਾਈ ਅੱਡੇ ‘ਤੇ ਪਹਿਲਾਂ ਵੀ ਯਾਤਰੀਆਂ ਲਈ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਚੈੱਕ ਕਰਨ ਵਾਲਾ ਸੈਂਟਰ ਸਥਾਪਿਤ ਕੀਤਾ ਹੋਇਆ ਹੈ ਅਤੇ ਹੁਣ ਇਸ ਦੇ ਨਾਲ-ਨਾਲ ਟੀਕਾਕਰਨ ਦਾ ਸੈਂਟਰ ਸਥਾਪਿਤ ਕਰ ਦਿੱਤਾ ਗਿਆ ਹੈ।ਇਹ ਹੱਬ ਸੈਂਟਰ ਲਗਭਗ 1500 ਵਰਗ ਮੀਟਰ ਦੀ ਜਗ੍ਹਾ ਵਾਲਾ ਇਟਲੀ ਵਿੱਚ ਪਹਿਲਾਂ ਹੱਬ ਸੈਂਟਰ ਹੈ ਜਿਸ ਵਿੱਚ ਲਗਭਗ 3,000 ਲੋਕਾਂ ਨੂੰ ਇੱਕੋ ਦਿਨ ਟੀਕਾ ਲਗਾਇਆ ਜਾ ਸਕਦਾ ਹੈ ਅਤੇ ਇੱਕੋ ਸਮੇਂ 30 ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇਗਾ।
ਹਵਾਈ ਅੱਡੇ ਦੇ ਮੈਨੇਜਰ ਡਾਇਰੈਕਟਰ ਮਾਰਕੋ ਤਰਾਂਕੋਨੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਯੂਰਪ ਦਾ ਪਹਿਲਾ ਹਵਾਈ ਅੱਡਾ ਹੋਵੇਗਾ ਜਿੱਥੇ ਇੱਕੋ ਦਿਨ 3,000 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਸਕੇਗਾ।ਇਸ ਤੋਂ ਪਹਿਲਾਂ ਵੀ ਸਾਡੇ ਹਵਾਈ ਅੱਡੇ ਵਲੋਂ ਕੋਵਿਡ ਦੇ ਟੈਸਟ ਅਤੇ ਕੋਵਿਡ ਪ੍ਰਤੀ ਸਾਵਧਾਨੀ ਵਰਤਣ ਵਾਲਾ ਅਤੇ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣ ਵਾਲਾ ਹਵਾਈ ਅੱਡੇ ਦਾ ਸਥਾਨ ਅਤੇ ਮਾਣ ਪ੍ਰਾਪਤ ਹੋ ਚੁੱਕਾ ਹੈ। ਲਾਸੀਓ ਸੂਬੇ ਦੇ ਰਾਜਪਾਲ ਨਿਕੋਲਾ ਜਿੰਗਾਰੇਤੀ ਵਲੋਂ ਬੀਤੇ ਦਿਨ ਇਸ ਹੱਬ ਸੈਂਟਰ ਦੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਇਸ ਹੱਬ ਸੈਂਟਰ ਨਾਲ ਹਵਾਈ ਅੱਡੇ 'ਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਪਹਿਲ ਦੇ ਆਧਾਰ 'ਤੇ ਟੀਕਾ ਲਗਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ - ਮਿਆਂਮਾਰ ਨੇ ਫੇਸਬੁੱਕ 'ਤੇ ਲਾਈ ਅਸਥਾਈ ਰੋਕ
ਉਨ੍ਹਾਂ ਕਿਹਾ ਕਿ ਇਸ ਸਮੇਂ ਵੈਕਸੀਨ ਦੇ ਖੇਪ ਵਿੱਚ ਦੇਰੀ ਹੋ ਜਾਣ ਕਰਕੇ ਹੱਬ ਸੈਂਟਰ ਨੂੰ ਫਰਵਰੀ ਦੇ ਅੱਧ ਤੱਕ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਹੈ ਕਿ ਹੁਣ ਜਲਦ ਹੀ ਕੋਰੋਨਾ ਮਹਾਮਾਰੀ ਤੋਂ ਨਿਜਾਤ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਰੋਮ ਹਵਾਈ ਅੱਡੇ ਨੂੰ ਲਗਾਤਾਰ 3 ਵਾਰ ਯੂਰਪ ਵਿੱਚੋਂ ਯਾਤਰੀਆਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਦਾ ਖ਼ਿਤਾਬ ਵੀ ਹਾਸਲ ਹੋ ਚੁੱਕਾ ਹੈ।ਪਿਛਲੇ ਸਾਲ ਇਸ ਹਵਾਈ ਅੱਡੇ ਨੂੰ ਕੋਵਿਡ-19 ਪ੍ਰਤੀ ਯਾਤਰੀਆਂ ਦੀ ਦੇਖਭਾਲ, ਸਫ਼ਾਈ, ਰੱਖ ਰਖਾਅ ਅਤੇ ਹੋਰ ਸੁੱਖ ਸਹੂਲਤਾਂ ਵਜੋਂ 5 ਸਤਾਰਾਂ ਹਵਾਈ ਅੱਡੇ ਦਾ ਖ਼ਿਤਾਬ ਵੀ ਹਾਸਲ ਹੋਇਆ ਸੀ ਜੋ ਕਿ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।