ਮੌਤ ਨੂੰ ਕਲੋਲਾਂ ਕਰਨ ਦਾ ਸੀ ਸ਼ੌਂਕ, ਇਸੇ ਸ਼ੌਂਕ ਨੇ ਲਈ ਜਾਨ (ਦੇਖੋ ਤਸਵੀਰਾਂ)
Saturday, Oct 08, 2016 - 04:20 PM (IST)

ਨਿਊਯਾਰਕ— ਮੌਤ ਨੂੰ ਕਲੋਲਾਂ ਕਰਕੇ ਸ਼ਾਨਦਾਰ ਅਤੇ ਸਾਹ ਨੂੰ ਰੋਕ ਦੇਣ ਵਾਲੀਆਂ ਤਸਵੀਰਾਂ ਖਿੱਚਣ ਵਾਲੇ 25 ਸਾਲਾ ਫੋਟੋਗ੍ਰਾਫਰ ਕ੍ਰਿਸਟੋਫਰ ਸੈਰਾਨੋ ਦੇ ਇਸੇ ਸ਼ੌਂਕ ਨੇ ਉਸ ਦੀ ਜਾਨ ਲੈ ਲਈ। ਬੁੱਧਵਾਰ ਨੂੰ ਬਰੁਕਲਿਨ ਵਿਖੇ ਇਕ ਟਰੇਨ ਤੋਂ ਦੂਜੀ ਤੇਜ਼ ਰਫਤਾਰ ਟਰੇਨ ''ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਉਹ ਕਿਸੀ ਚੀਜ਼ ਨਾਲ ਟਕਰਾਅ ਕੇ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ। ਉਸ ਦੇ ਨਾਲ ਉਸ ਦੀਆਂ ਦੋ ਮਹਿਲਾ ਮਿੱਤਰ ਸਨ। ਉਹ ਟਰੇਨ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇੰਸਟਾਗ੍ਰਾਮ ''ਤੇ ਕ੍ਰਿਸਟੋਫਰ ਦੀਆਂ ਖਿੱਚੀਆਂ ਸ਼ਾਨਦਾਰ ਤਸਵੀਰਾਂ ਨੇ ਧਮਾਲ ਪਾਈ ਹੋਈ ਸੀ। ਉਹ ਵੱਡੀਆਂ ਇਮਾਰਤਾਂ , ਪੁੱਲਾਂ ''ਤੇ ਲਟਕਦਾ ਹੋਇਆ ਅਕਸਰ ਅਮਰੀਕਾ ਦੇ ਸ਼ਹਿਰਾਂ ਦੀਆਂ ਅਜਿਹੀਆਂ ਸ਼ਾਨਦਾਰ ਤਸਵੀਰਾਂ ਖਿੱਚਦਾ ਸੀ, ਜਿਨ੍ਹਾਂ ਨੂੰ ਲੋਕ ਹੈਰਾਨੀ ਨਾਲ ਦੇਖਦੇ ਹੀ ਰਹਿ ਜਾਂਦੇ ਸਨ। ਇੰਸਟਾਗ੍ਰਾਮ ''ਤੇ ਉਸ ਦੇ 106000 ਫਾਲੋਅਰਜ਼ ਸਨ। ਹਾਦਸੇ ਤੋਂ ਬਾਅਦ ਕ੍ਰਿਸਟੋਫਰ ਦੀ ਗਰਲਫਰੈਂਡ ਨੇ ਕਿਹਾ ਕਿ ਉਨ੍ਹਾਂ ਦੋਹਾਂ ਨੇ ਜ਼ਿੰਦਗੀ ਲਈ ਇੰਨੇਂ ਸੁਪਨੇ ਸਜਾਏ ਹੋਏ ਸਨ ਅਤੇ ਇਸ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਕੋਲ ਆਪਣੇ ਦਰਦ ਨੂੰ ਬਿਆਨਣ ਲਈ ਸ਼ਬਦ ਨਹੀਂ ਹਨ।