ਅਮਰੀਕੀ ਪੁਲਸ ਨੇ ਇਕ ਗੂੰਗੇ ਬਹਿਰੇ ਵਿਅਕਤੀ ਨੂੰ ਮਾਰੀ ਗੋਲੀ, ਲੋਕਾਂ ''ਚ ਭਾਰੀ ਰੋਸ

09/22/2017 11:57:40 AM

ਸ਼ਿਕਾਗੋ— ਅਮਰੀਕਾ ਦੀ ਓਕਲਾਹੋਮਾ ਪੁਲਸ ਇਕ ਗੂੰਗੇ ਬਹਿਰੇ ਵਿਅਕਤੀ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਸਖਤ ਜਾਂਚ ਦੇ ਘੇਰੇ ਵਿਚ ਆ ਗਈ ਹੈ। ਵਿਅਕਤੀ ਦੇ ਗੁਆਂਢੀਆਂ ਨੇ ਪੁਲਸ ਨੂੰ ਸਾਵਧਾਨ ਕੀਤਾ ਸੀ ਕਿ ਸੰਬੰਧਿਤ ਵਿਅਕਤੀ ਗੂੰਗਾ ਬਹਿਰਾ ਹੈ ਪਰ ਦੋਸ਼ ਹੈ ਕਿ ਇਸ ਦੇ ਬਾਵਜੂਦ ਵੀ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ। 
ਪੁਲਸ ਅਧਿਕਾਰੀ ਓਕਲਾਹੋਮਾ ਵਿਚ ਮੈਗਡਾਇਲ ਸਾਨਚੇਜ ਦੇ ਘਰ ਉਸ ਦੇ ਪਿਤਾ ਦੀ ਤਲਾਸ਼ ਵਿਚ ਪਹੁੰਚੇ ਸਨ। ਉਹ ਹਿੱਟ ਐਂਡ ਰਨ ਕਾਰ ਹਾਦਸੇ ਦੇ ਇਕ ਮਾਮਲੇ ਵਿਚ ਸ਼ਾਮਲ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪੁਲਸ ਨੇ ਉਸ ਦੇ 35 ਸਾਲਾ ਬੇਟੇ ਨੂੰ ਗੋਲੀ ਮਾਰ ਦਿੱਤੀ, ਜੋ ਨਾ ਸੁਣ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ। 
ਗੁਆਂਢੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਇਸ ਗੋਲੀਬਾਰੀ ਦੀ ਘਟਨਾ ਨੂੰ ਰੋਕਣ ਲਈ ਉਨ੍ਹਾਂ ਨੇ ਚੀਕ-ਚੀਕ ਕੇ ਦੱਸਿਆ ਸੀ ਕਿ ਉਹ ਤੁਹਾਨੂੰ ਸੁਣ ਨਹੀਂ ਸਕਦਾ ਹੈ ਪਰ ਪੁਲਸ ਨੇ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਗੁਆਂਢੀ ਜੂਲਿਓ ਰਾਅੋਸ ਨੇ ਕੱਲ ਪੱਤਰਕਾਰਾਂ ਨੂੰ ਕਿਹਾ,''ਜਿਵੇਂ ਹੀ ਪੁਲਸ ਨੇ ਬੰਦੂਕ ਤਾਣੀ, ਅਸੀਂ ਸਾਰਿਆਂ ਨੇ ਪੁਲਸ ਨੂੰ ਗੋਲੀ ਨਾ ਚਲਾਉਣ ਲਈ ਕਿਹਾ।'' ਪੁਲਸ ਦੇ ਉੱਥੇ ਪਹੁੰਚਣ 'ਤੇ ਸਾਨਚੇਜ ਨੇ ਆਪਣੇ ਸੱਜੇ ਹੱਥ ਵਿਚ ਦੋ ਫੁੱਟ ਲੰਬਾ ਧਾਤ ਦਾ ਪਾਈਪ ਫੜਿਆ ਹੋਇਆ ਸੀ। ਜਿਸ ਵਿਚ ਚਮੜਾ ਲੱਗਿਆ ਹੋਇਆ ਸੀ। 
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਕੋਈ ਹਥਿਆਰ ਲੈ ਕੇ ਜਾ ਰਿਹਾ ਹੈ। ਜਦੋਂ ਅਧਿਕਾਰੀ ਨੇ ਸਾਨਚੇਜ ਦੇ ਪਾਈਪ ਸੁੱਟ ਦੇਣ ਦਾ ਆਦੇਸ਼ ਦਿੱਤਾ ਤਾਂ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਇਸ 'ਤੇ ਲੈਫਟੀਨੈਂਟ ਮੈਥਿਊ ਲਿੰਡਸੇ ਅਤੇ ਸਾਰਜੈਂਟ ਕ੍ਰਿਸਟੋਫਰ ਨੇ ਵੱਖ-ਵੱਖ ਗੋਲੀ ਚਲਾਈ, ਜਿਸ ਨਾਲ ਮੌਕੇ 'ਤੇ ਹੀ ਸਾਨਚੇਜ ਦੀ ਮੌਤ ਹੋ ਗਈ। ਘਟਨਾ ਮਗਰੋਂ ਹੁਣ ਲੋਕਾਂ ਵਿਚ ਗੁੱਸਾ ਹੈ ਅਤੇ ਮੀਡੀਆ ਵਿਚ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ ਹੈ।


Related News