ਮਾਸੂਮ ਐਲਨ ਕੁਰਦੀ ਦੀ ਯਾਦ ਫਿਰ ਹੋਈ ਤਾਜ਼ਾ, ਦੋਸ਼ੀਆਂ ਨੂੰ 125 ਸਾਲ ਸਜ਼ਾ
Wednesday, Mar 18, 2020 - 01:33 AM (IST)
ਅੰਕਾਰਾ - ਤੁਰਕੀ ਦੀ ਇਕ ਅਦਾਲਤ ਨੇ 3 ਸਾਲ ਦੇ ਸੀਰੀਆਈ ਰਫਿਊਜ਼ੀ ਐਲਨ ਕੁਰਦੀ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ 3 ਲੋਕਾਂ ਨੂੰ ਮਨੁੱਖੀ ਤਸੱਕਰੀ ਦੇ ਦੋਸ਼ ਵਿਚ 125-125 ਸਾਲ ਦੀ ਜੇਲ ਹੋਈ। ਤੁਰਕੀ ਫੌਜ ਨੇ ਇਨ੍ਹਾਂ ਤਿੰਨਾਂ ਨੂੰ ਇਸ ਹਫਤੇ ਗਿ੍ਰਫਤਾਰ ਕੀਤਾ ਸੀ।
ਸਤੰਬਰ, 2015 ਵਿਚ ਤੁਰਕੀ ਦੇ ਬੋਡਰੂਮ ਸਮੁੰਦਰ ਕੰਢੇ ਮਿਲੇ 3 ਸਾਲ ਦੇ ਐਲਨ ਕੁਰਦੀ ਦੀ ਲਾਸ਼ ਦੀ ਤਸਵੀਰ ਨੇ ਦੁਨੀਆ ਨੂੰ ਭਾਵੁਕ ਕਰ ਦਿੱਤਾ ਸੀ। ਐਲਨ ਦੇ ਮਾਤਾ-ਪਿਤਾ ਬੱਚਿਆਂ ਦੇ ਨਾਲ ਸੀਰੀਆ ਦੇ ਗ੍ਰਹਿ ਯੁੱਧ ਤੋਂ ਜਾਨ ਬਚਾ ਕੇ ਦੂਜੇ ਦੇਸ਼ ਵਿਚ ਪਨਾਹ ਲੈਣ ਲਈ ਨਿਕਲੇ ਸਨ ਪਰ ਉਨ੍ਹਾਂ ਦੀ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਹਾਦਸੇ ਵਿਚ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ ਸੀ। ਸਿਰਫ ਪਿਤਾ ਅਬਦੁੱਲਾ ਦੀ ਜਾਨ ਬਚ ਸਕੀ ਸੀ। ਬਾਅਦ ਵਿਚ ਬੋਡਰੂਮ ਦੇ ਤੱਟ 'ਤੇ ਹੀ ਐਲਨ ਦਾ ਅੰਤਮ ਸਸਕਾਰ ਕੀਤਾ ਸੀ। ਪਰਿਵਾਰ ਆਪਣੇ ਸਬੰਧਿਆਂ ਦੇ ਇਥੇ ਪਨਾਹ ਲੈਣ ਲਈ ਯੂਰਪ ਦੇ ਰਾਸਤੇ ਕੈਨੇਡਾ ਚਾਹੁੰਦੇ ਸਨ।
2011 ਤੋਂ ਹੁਣ ਤੱਕ 67 ਲੱਖ ਲੋਕਾਂ ਨੇ ਘਰ ਛੱਡਿਆ
ਐਲਨ ਦੇ ਪਿਤਾ ਅਬਦੁੱਲਾ ਇਰਾਕ ਦੇ ਇਰਬੀ ਸ਼ਹਿਰ ਵਿਚ ਰਹਿੰਦੇ ਹਨ। ਉਨ੍ਹਾਂ ਨੇ ਆਖਿਆ ਕਿ ਬੱਚੇ ਦੀ ਤਸਵੀਰ ਦੇਖ ਕੇ ਪੂਰੇ ਯੂਰਪ ਨੇ ਰਫਿਊਜ਼ੀਆਂ ਲਈ ਗੇਟ ਖੋਲ੍ਹੇ ਪਰ ਇਹ ਜ਼ਿਆਦਾ ਸਮੇਂ ਲਈ ਨਹੀਂ, ਸਿਰਫ ਕੁਝ ਮਹੀਨਿਆਂ ਲਈ ਸੀ। ਯੂਨਾਈਟੇਡ ਨੈਸ਼ੰਸ ਮੁਤਾਬਕ, 2011 ਤੋਂ ਲੈ ਕੇ ਹੁਣ ਤੱਕ 67 ਲੱਖ ਸੀਰੀਆਈ ਨਾਗਰਿਕ ਜੰਗ ਕਾਰਨ ਆਪਣਾ ਘਰ ਛੱਡਣ 'ਤੇ ਮਜ਼ਬੂਰ ਹੋਏ ਹਨ।