ਪਾਕਿਸਤਾਨ 'ਚ ਬੇਕਾਬੂ ਹੋਈ ਮਹਿੰਗਾਈ, ਮੰਤਰੀ ਨੇ ਘੱਟ ਖਾਣ ਦੀ ਦਿੱਤੀ ਸਲਾਹ

Monday, Oct 11, 2021 - 04:11 PM (IST)

ਇਸਲਾਮਾਬਾਦ (ਬਿਊਰੋ) ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਅਤੇ ਗਿਲਗਿਤ-ਬਾਲਟੀਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਵੱਧਦੀ ਮਹਿੰਗਾਈ ਕਾਰਨ ਪਾਕਿਸਤਾਨ ਦੇ ਲੋਕਾਂ ਨੂੰ "ਚਾਹ ਵਿੱਚ ਘੱਟ ਖੰਡ ਪਾਉਣ ਅਤੇ ਘੱਟ ਰੋਟੀ ਖਾਣ" ਦੀ ਸਲਾਹ ਦਿੱਤੀ ਹੈ। ਅਸਲ ਵਿਚ ਅਮੀਨ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮਹਿੰਗਾਈ 'ਤੇ ਹੋਣ ਵਾਲੀ ਬਹਿਸ 'ਤੇ ਟਿੱਪਣੀ ਕਰਦਿਆਂ ਉਹਨਾਂ ਨੇ ਕਿਹਾ,"ਜੇਕਰ ਮੈਂ ਚਾਹ ਵਿੱਚ ਖੰਡ ਦੇ ਸੌ ਦਾਣੇ ਪਾਉਂਦਾ ਹਾਂ ਅਤੇ ਉਸ ਵਿਚੋਂ ਨੌਂ ਘੱਟ ਪਾਵਾਂ, ਤਾਂ ਕੀ ਇਹ ਘੱਟ ਮਿੱਠੀ ਹੋ ਜਾਵੇਗੀ।"

ਉਨ੍ਹਾਂ ਨੇ ਕਿਹਾ,"ਕੀ ਅਸੀਂ ਆਪਣੇ ਦੇਸ਼ ਲਈ, ਆਪਣੀ ਆਤਮ ਨਿਰਭਰਤਾ ਲਈ ਇੰਨੀ ਜਿਹੀ ਕੁਰਬਾਨੀ ਵੀ ਨਹੀਂ ਦੇ ਸਕਦੇ? ਜੇਕਰ ਮੈਂ ਰੋਟੀ ਦੀਆਂ 100 ਬੁਰਕੀਆਂ ਖਾਂਦਾ ਹਾਂ ਤਾਂ ਮੈਂ ਇਸ ਵਿਚੋਂ ਨੌਂ ਬੁਰਕੀਆਂ ਨੂੰ ਘੱਟ ਨਹੀਂ ਕਰ ਸਕਦਾ?" ਸੋਸ਼ਲ ਮੀਡੀਆ 'ਤੇ ਯੂਜ਼ਰਸ ਅਮੀਨ ਦੇ ਭਾਸ਼ਣ ਦਾ ਇਹ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੰਤਰੀਆਂ ਜਾਂ ਜਨਤਕ ਨੁਮਾਇੰਦਿਆਂ ਨੇ ਜਨਤਾ ਨੂੰ ਅਜਿਹੀ ਸਲਾਹ ਦਿੱਤੀ ਹੋਵੇ। ਹਾਲ ਹੀ ਵਿੱਚ, ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਿਆਜ਼ ਫਤਿਆਨਾ ਨੇ ਵੀ ਅਲੀ ਅਮੀਨ ਗੰਡਾਪੁਰ ਜਿਹੀ ਸਲਾਹ ਦਿੱਤੀ ਸੀ।

ਅਤੀਤ 'ਤੇ ਨਜ਼ਰ ਮਾਰੀਏ ਤਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸਮੇਤ ਕਈ ਪਾਰਟੀਆਂ ਦੇ ਆਗੂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਖ਼ੁਦ ਪਾਕਿਸਤਾਨ ਦੇ ਲੋਕਾਂ ਨੂੰ ਕਿਹਾ ਸੀ ਕਿ 'ਘੱਟ ਰੋਟੀ ਖਾਓ'। ਸਾਲ 1998 ਵਿੱਚ, ਜਦੋਂ ਪਾਕਿਸਤਾਨ ਨੇ ਪਰਮਾਣੂ ਪਰੀਖਣ ਕੀਤਾ, ਉਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਕਿ ਪਾਕਿਸਤਾਨ ਨੂੰ ਅਮਰੀਕਾ ਅਤੇ ਬਾਕੀ ਦੁਨੀਆ ਤੋਂ ਸਖ਼ਤ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਟੀਵੀ ਅਤੇ ਰੇਡੀਓ 'ਤੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਇਸ ਬਾਰੇ ਸਾਵਧਾਨ ਕਰਦੇ ਹੋਏ ਕਿਹਾ,"ਆਪਣੀ ਕਮਰ ਕੱਸੋ ਅਤੇ ਸਿਰਫ ਇੱਕ ਵਾਰ ਭੋਜਨ ਖਾਣ ਲਈ ਤਿਆਰ ਹੋਵੋ ਅਤੇ ਮੈਂ ਵੀ ਇਸ ਮੁਸੀਬਤ ਵਿੱਚ ਤੁਹਾਡੇ ਨਾਲ ਰਹਾਂਗਾ।"

ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਪਾਕਿ 'ਚ ਰੱਖੀ ਤਾਲਿਬਾਨ ਦੀ ਨੀਂਹ! ਨਵੀਂ ਅਥਾਰਟੀ ਦੇ ਗਠਨ ਨਾਲ ਲਾਗੂ ਕਰੇਗਾ ਸਖ਼ਤ ਫ਼ਰਮਾਨ

 ਉਨ੍ਹਾਂ ਦੀ ਪਾਰਟੀ ਕਈ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਬੱਚਤ ਮੁਹਿੰਮ ਚਲਾ ਚੁੱਕੀ ਹੈ। ਪੀਟੀਆਈ ਸਰਕਾਰ ਨੇ ਵੀ ਸ਼ੁਰੂਆਤੀ ਦਿਨਾਂ ਵਿੱਚ ਹੀ ਬੱਚਤ ਮੁਹਿੰਮ ਦਾ ਐਲਾਨ ਕੀਤਾ ਸੀ।ਹਾਲਾਂਕਿ, ਕੀ ਸਰਕਾਰ ਵੱਲੋਂ ਲੋਕਾਂ ਨੂੰ ਬਚਤ ਕਰਨ ਜਾਂ 'ਘੱਟ ਰੋਟੀ ਖਾਣ' ਦੀ ਸਲਾਹ ਦੇਣੀ ਉਚਿਤ ਹੈ?ਇਸਲਾਮਾਬਾਦ ਦੇ ਸਸਟੇਨੇਬਲ ਡਿਵੈਲਪਮੈਂਟ ਪਾਲਿਸੀ ਇੰਸਟੀਚਿਟ (ਐਸਡੀਪੀਆਈ) ਦੇ ਅਰਥ ਸ਼ਾਸਤਰੀ ਡਾਕਟਰ ਸਾਜਿਦ ਅਮੀਨ ਦਾ ਮੰਨਣਾ ਹੈ ਕਿ ਅਜਿਹੀ ਸਲਾਹ ਗਰੀਬਾਂ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ।ਉਹਨਾਂ ਮੁਤਾਬਕ, ਬਚਤ ਸਲਾਹ ਜਾਂ ਮੁਹਿੰਮਾਂ ਮਹਿੰਗਾਈ ਦਾ ਕਦੇ ਵੀ ਹੱਲ ਨਹੀਂ ਰਹੀਆਂ ਅਤੇ ਨਾ ਹੀ ਕਦੇ ਹੋਣਗੀਆਂ। ਸਰਕਾਰ ਦਾ ਕੰਮ ਆਮ ਆਦਮੀ ਦੀ ਖਰੀਦ ਸ਼ਕਤੀ ਵਧਾਉਣਾ ਜਾਂ ਉਸਦੀ ਹਾਲਤ ਸੁਧਾਰਨਾ ਹੈ। ਹਾਲਾਂਕਿ, ਸਵਾਲ ਇਹ ਹੈ ਕੀ ਗਲੋਬਲ ਅਤੇ ਰਾਸ਼ਟਰੀ ਪੱਧਰ 'ਤੇ ਮੌਜੂਦਾ ਸਥਿਤੀ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨਾ ਸਰਕਾਰ ਦੇ ਹੱਥ ਵਿੱਚ ਹੈ? 

ਡਾਕਟਰ ਸਾਜਿਦ ਅਮੀਨ ਕਹਿੰਦੇ ਹਨ ਕਿ ਇਸ ਲਈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਪਾਕਿਸਤਾਨ ਵਿੱਚ ਹਾਲ ਦੇ ਸਮੇਂ ਵਿੱਚ ਮਹਿੰਗਾਈ ਰਿਕਾਰਡ ਪੱਧਰ 'ਤੇ ਪਹੁੰਚਣ ਦਾ ਕੀ ਕਾਰਨ ਹੈ।ਪਾਕਿਸਤਾਨ ਵਿੱਚ ਮਹਿੰਗਾਈ ਜ਼ਿਆਦਾ ਕਿਉਂ ਹੈ?ਅਰਥ ਸ਼ਾਸਤਰੀ ਡਾਕਟਰ ਸਾਜਿਦ ਅਮੀਨ ਮੁਤਾਬਕ, ਪਾਕਿਸਤਾਨ ਵਿੱਚ ਹਾਲ ਹੀ ਵਿੱਚ ਮਹਿੰਗਾਈ ਵਿੱਚ ਵਾਧੇ ਦੇ ਤਿੰਨ ਮੁੱਖ ਕਾਰਨ ਹਨ। ਵਿਸ਼ਵ ਬਾਜ਼ਾਰ ਵਿੱਚ ਸਾਮਾਨ ਦੀਆਂ ਕੀਮਤਾਂ ਵਿੱਚ ਵਾਧਾ, ਪਾਕਿਸਤਾਨੀ ਰੁਪਏ ਦੇ ਮੁੱਲ ਵਿੱਚ ਕਮੀ ਅਤੇ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੀਆਂ ਗਈਆਂ ਟੈਕਸ ਨੀਤੀਆਂ।ਤੀਜੇ ਨੁਕਤੇ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਮਾਲੀਏ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਾਲਣ ਵਰਗੀਆਂ ਵਸਤੂਆਂ 'ਤੇ ਟੈਕਸ ਵਧਾਉਂਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਕੀਮਤਾਂ ਵਧਦੀਆਂ ਹਨ।ਇਸ ਤਰ੍ਹਾਂ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜੋ ਬਾਲਣ ਦੀ ਵਰਤੋਂ ਕਰਦੀਆਂ ਹਨ, ਸਪੱਸ਼ਟ ਤੌਰ 'ਤੇ ਉਨ੍ਹਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਹਾਲ ਹੀ ਵਿੱਚ ਪਾਕਿਸਤਾਨ ਵਿੱਚ ਬਾਲਣ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਨੋਟ- ਪਾਕਿਸਤਾਨੀ ਮੰਤਰੀ ਵੱਲੋਂ ਮਹਿੰਗਾਈ ਨੂੰ ਘੱਟ ਕਰਨ ਲਈ ਦਿੱਤੇ ਸੁਝਾਅ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News