ਇੰਡੋਨੇਸ਼ੀਆਈ ਮੰਤਰੀ ਦਾ ਹਾਸੋਹੀਣਾ ਬਿਆਨ, ਕਿਹਾ- ''ਤੁਹਾਡੀ ਪਤਨੀ ਵਾਂਗ ਹੈ ਕੋਰੋਨਾ''

05/30/2020 2:17:39 AM

ਜਕਾਰਤਾ- ਇੰਡੋਨੇਸ਼ੀਆ ਦੇ ਇਕ ਮੰਤਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਹਾਸੋਹੀਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਬਗਾਵਤੀ ਪਤਨੀ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਕੋਰੋਨਾ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਪੈਦਾ ਹੋਏ ਡਰ ਨੂੰ ਖਤਮ ਕਰਨ ਲਈ ਦਿੱਤਾ ਸੀ ਪਰ ਹੁਣ ਇਸ ਦੀ ਬਹੁਤ ਨਿੰਦਾ ਹੋ ਰਹੀ ਹੈ।

ਇੰਡੋਨੇਸ਼ੀਆ ਵਿਚ ਔਰਤਾਂ ਦੇ ਸਮੂਹ ਤੇ ਸੋਸ਼ਲ ਮੀਡੀਆ ਯੂਜ਼ਰਸ ਸੁਰੱਖਿਆ ਮੰਤਰੀ ਮਹਿਮੂਦ ਮਹਿਫੂਦ ਐਮ.ਡੀ. ਦੇ ਮਜ਼ਾਕ ਦੀ ਨਿੰਦਿਆ ਕਰ ਰਹੇ ਹਨ। ਇੰਡੋਨੇਸ਼ੀਆ ਦੇ ਮੰਤਰੀ ਨੇ ਇਸੇ ਹਫਤੇ ਇਕ ਯੂਨੀਵਰਸਿਟੀ ਦੇ ਲੋਕਾਂ ਨੂੰ ਆਨਲਾਈਨ ਸੰਬੋਧਿਤ ਕਰਦੇ ਹੋਏ ਇਹ ਗੱਲਾਂ ਕਹੀਆਂ ਸਨ।

ਕੋਰੋਨਾ ਨੂੰ ਲੈ ਕੇ ਮੰਤਰੀ ਦਾ ਸੈਕਸੀਏਸਟ ਬਿਆਨ
ਇੰਡੋਨੇਸ਼ੀਆ ਦੇ ਸੁਰੱਖਿਆ ਮੰਤਰੀ ਮਹਿਮੂਦ ਮਹਿਫੂਦ ਨੇ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਅਸੀਂ ਹਮੇਸ਼ਾ ਦੇ ਲਈ ਇਸ ਦਾ ਸਾਹਮਣਾ ਕਰਨ ਜਾ ਰਹੇ ਹਾਂ। ਸਾਨੂੰ ਹਾਲਾਤ ਨਾਲ ਸਮਝੌਤਾ ਕਰਕੇ ਆਪਣੀ ਸਿਹਤ 'ਤੇ ਧਿਆਨ ਦੇਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੇਰੇ ਇਕ ਸਹਿਯੋਗੀ ਨੇ ਇਸ ਨੂੰ ਲੈ ਕੇ ਮਜ਼ਾਕੀਆ ਗੱਲ ਕਹੀ। ਉਸ ਦੇ ਮੁਤਾਬਕ ਕੋਰੋਨਾ ਤੁਹਾਡੀ ਪਤਨੀ ਵਾਂਗ ਹੈ। ਸ਼ੁਰੂਆਤ ਵਿਚ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਉਸ ਤੋਂ ਬਾਅਦ ਤੁਸੀਂ ਉਸ ਦੇ ਨਾਲ ਜਿਊਣਾ ਸਿੱਖ ਲੈਂਦੇ ਹੋ।

ਨਿੰਦਾ ਕਰਨ ਵਾਲੇ ਇਸ ਨੂੰ ਸੈਕਸੀਏਸ ਰਿਮਾਰਕ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਕਾਰਤਾ ਵਲੋਂ ਕੋਰੋਨਾ ਨਾਲ ਨਿਪਟਣ ਵਿਚ ਨਾਕਾਮੀ ਨੂੰ ਇਸ ਗਲਤ ਤਰੀਕੇ ਨਾਲ ਹਲਕਾ-ਫੁਲਕਾ ਕਰਕੇ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ।

ਮਹਿਲਾ ਸੰਗਠਨ ਕਰ ਰਹੇ ਹਨ ਬਿਆਨ ਦੀ ਨਿੰਦਾ
ਏ.ਐਫ.ਪੀ. ਦੀ ਇਕ ਰਿਪੋਰਟ ਮੁਤਾਬਕ ਔਰਤਾਂ ਦੇ ਇਕ ਸਮੂਹ ਦੀ ਚੀਫ ਐਗਜ਼ੀਕਿਊਟਿਵ ਡਿੰਡਾ ਨਿਸਾ ਨੇ ਕਿਹਾ ਹੈ ਕਿ ਇਹ ਬਿਆਨ ਕੋਰੋਨਾ ਵਾਇਰਸ ਨਾਲ ਨਿਪਟਣ ਵਿਚ ਸਰਕਾਰ ਦੀ ਅਸਫਲਤਾ ਦਿਖਾਉਂਦਾ ਹੈ। ਨਾਲ ਹੀ ਇਸ ਦੇ ਰਾਹੀਂ ਸਰਕਾਰੀ ਅਧਿਕਾਰੀਆਂ ਦੀ ਮਾਨਸਿਕਤਾ ਦਾ ਵੀ ਪਤਾ ਲੱਗਦਾ ਹੈ। ਇਹ ਸੈਕਸੀਏਸਟ ਤੇ ਇਤਰਾਜ਼ਯੋਗ ਹੈ। ਸ਼ੁੱਕਰਵਾਰ ਤੱਕ ਇਸ ਬਾਰੇ ਮਹਿਮੂਦ ਦੇ ਦਫਤਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


Baljit Singh

Content Editor

Related News