ਇੰਡੋਨੇਸ਼ੀਆ ਭੂਚਾਲ : 14 ਲੋਕਾਂ ਦੀ ਮੌਤ, 162 ਜ਼ਖਮੀ

Sunday, Jul 29, 2018 - 05:59 PM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਲੋਕਪ੍ਰਿਅ ਸੈਲਾਨੀ ਸਥਲ ਲੋਮਬੋਕ ਵਿਚ ਐਤਵਾਰ ਨੂੰ 6.4 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 162 ਲੋਕ ਜ਼ਖਮੀ ਹੋ ਗਏ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ,''ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 162 ਲੋਕ ਜ਼ਖਮੀ ਹੋ ਗਏ। 3 ਲੋਕਾਂ ਦੀ ਮੌਤ ਕੰਕਰੀਟ ਦੇ ਸਲੈਬ ਡਿੱਗਣ ਕਾਰਨ ਹੋਈ। ਇਸ ਦੇ ਇਲਾਵਾ 1,000 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।'' ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਦੱਸਿਆ ਕਿ 6.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ 7 ਕਿਲੋਮੀਟਰ ਦੀ ਡੂੰਘਾਈ ਤੱਕ ਸੀ। 
ਭੂਚਾਲ ਦੇ ਝਟਕੇ ਬਾਲੀ ਟਾਪੂ ਦੇ ਨੇੜੇ ਤੱਕ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੂਰਬ ਲੋਮਬੋਕ ਜ਼ਿਲਾ ਭੂਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ। ਇੱਥੇ ਮਲੇਸ਼ੀਆ ਦੇ ਸੈਲਾਨੀਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਅੱਗੇ ਦੱਸਿਆ ਕਿ 162 ਲੋਕ ਇਸ ਭੂਚਾਲ ਕਾਰਨ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 67 ਦੀ ਹਾਲਤ ਗੰਭੀਰ ਹੈ। ਬੁਲਾਰੇ ਨੁਗਰੋਹੋ ਨੇ ਦੱਸਿਆ,''ਸਾਡਾ ਅਨੁਮਾਨ ਹੈ ਕਿ ਜ਼ਖਮੀਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਸਾਡੇ ਕੋਲ ਪੂਰੇ ਅੰਕੜੇ ਉਪਲਬਧ ਨਹੀਂ ਹਨ।'' ਉਸ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਮਾਊਂਟ ਰਿੰਜਨੀ ਵਿਚ ਭੂਚਾਲ ਕਾਰਨ ਜ਼ਮੀਨ ਵੀ ਖਿਸਕੀ। ਅਧਿਕਾਰੀ ਹਾਲੇ ਵੀ ਇਸ ਦੇ ਪ੍ਰਭਾਵਾਂ ਦੀ ਜਾਂਚ ਕਰ ਰਹੇ ਹਨ।


Related News