ਬਾਈਡੇਨ ਦੀ ਅਗਵਾਈ ''ਚ ਭਾਰਤ-ਅਮਰੀਕਾ ਸਬੰਧ ਹੋਏ ਕਮਜ਼ੋਰ : ਕਾਸ਼ ਪਟੇਲ
Tuesday, Feb 22, 2022 - 10:09 AM (IST)
 
            
            ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਹਾਇਕ ਰਹੇ ਭਾਰਤੀ-ਅਮਰੀਕੀ ਕਾਸ਼ ਪਟੇਲ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਵਿੱਚ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧ ਕਮਜ਼ੋਰ ਹੋਏ ਹਨ। ਪਟੇਲ ਸਾਬਕਾ ਟਰੰਪ ਪ੍ਰਸ਼ਾਸਨ ਦੇ ਆਖਰੀ ਕੁਝ ਹਫ਼ਤਿਆਂ ਦੌਰਾਨ ਅਮਰੀਕਾ ਦੇ ਕਾਰਜਕਾਰੀ ਰੱਖਿਆ ਸਕੱਤਰ ਦੇ ਚੀਫ਼ ਆਫ਼ ਸਟਾਫ਼ ਰਹੇ ਹਨ। ਪਟੇਲ ਨੇ ਪੀਟੀਆਈ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2024 ਵਿੱਚ ਮੁੜ ਚੋਣ ਲੜਨ ਦੀ ਚੰਗੀ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਅਧੀਨ ਦੁਵੱਲੇ ਸਬੰਧ ਵਿਗੜ ਗਏ ਹਨ। ਪੈਂਟਾਗਨ ਦੇ ਸਾਬਕਾ ਚੀਫ਼ ਆਫ਼ ਸਟਾਫ ਸਤੰਬਰ 2019 ਅਤੇ ਫਰਵਰੀ 2020 ਵਿੱਚ ਹਿਊਸਟਨ ਅਤੇ ਅਹਿਮਦਾਬਾਦ ਵਿੱਚ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਏ ਹਨ। ਪਟੇਲ ਨੇ ਕਿਹਾ ਕਿ ਸਬੰਧ ਕਮਜ਼ੋਰ ਹੋ ਗਏ ਹਨ। ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਅਸਾਧਾਰਨ ਰਿਸ਼ਤਾ ਰਿਹਾ ਹੈ ਅਤੇ ਉਹ ਨਾ ਸਿਰਫ ਭਾਰਤੀ ਸਰਹੱਦ 'ਤੇ ਸਗੋਂ ਵਿਸ਼ਵ ਪੱਧਰ 'ਤੇ ਚੀਨ ਦੇ ਹਮਲਾਵਰ ਰੁਖ਼ ਵਰਗੀਆਂ ਚੀਜ਼ਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਸਨ। ਉਹ ਅੱਤਵਾਦ ਵਿਰੋਧੀ ਮਾਮਲਿਆਂ ਅਤੇ ਬੰਧਕ ਵਰਗੇ ਹਾਲਾਤ 'ਤੇ ਪਾਕਿਸਤਾਨ 'ਤੇ ਵੀ ਮਿਲ ਕੇ ਕੰਮ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਪਹੁੰਚੇ ਵਿਦੇਸ਼ੀ ਸੈਲਾਨੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
ਅਫਗਾਨਿਸਤਾਨ 'ਚ ਅਮਰੀਕੀ ਫ਼ੌਜਾਂ ਦੀ ਵਾਪਸੀ ਨਾਲ ਵਿਗੜਦੀ ਸਥਿਤੀ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਕੋਲ 18 ਮਹੀਨਿਆਂ ਵਿਚ ਜ਼ਮੀਨ 'ਤੇ ਆਪਣੀਆਂ ਫ਼ੌਜਾਂ ਭੇਜਣ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ 'ਚ ਹਾਲਾਤ ਹੁਣ ਵਿਗੜ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਬਦਕਿਸਮਤੀ ਨਾਲ ਪੁਰਾਣੀਆਂ ਤਾਕਤਾਂ ਅਫਗਾਨਿਸਤਾਨ ਵਿਚ ਵਾਪਸ ਆ ਜਾਣਗੀਆਂ, ਸ਼ਾਇਦ ਲਗਭਗ 18 ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਵਿੱਚ। ਮੈਨੂੰ ਲੱਗਦਾ ਹੈ ਕਿ ISIS ਅਤੇ ਅਲ-ਕਾਇਦਾ ਅਤੇ ਤਾਲਿਬਾਨ ਦਾ ਆਤੰਕ ਵਧਿਆ ਹੈ। ਇਹ ਨਾ ਸਿਰਫ਼ ਅਮਰੀਕਾ ਲਈ ਸਗੋਂ ਸੁਰੱਖਿਆ ਦੇ ਲਿਹਾਜ਼ ਨਾਲ ਪੂਰੀ ਦੁਨੀਆ ਲਈ ਵੀ ਚੰਗੀ ਗੱਲ ਨਹੀਂ ਹੈ।
ਪਟੇਲ ਨੇ ਕਿਹਾ ਕਿ ਯੂਕਰੇਨ ਸੰਕਟ 'ਚ ਫਸੇ ਅਮਰੀਕਾ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਜਿਸ 'ਚ ਰਾਸ਼ਟਰਪਤੀ ਜੋਅ ਬਾਈਡੇਨ ਬੁਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਟਰੰਪ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਦੇਸ਼ ਨੂੰ ਲੀਡਰਸ਼ਿਪ ਵਿੱਚ ਬਦਲਾਅ ਦੀ ਲੋੜ ਹੈ ਅਤੇ ਲੀਡਰਸ਼ਿਪ ਮਜ਼ਬੂਤ ਹੋਣੀ ਚਾਹੀਦੀ ਹੈ। ਭਾਰਤੀ-ਅਮਰੀਕੀ ਪਟੇਲ ਨੇ ਕਿਹਾ ਕਿ ਚੀਨ ਦਾ ਉਭਾਰ ਉਸੇ ਤਰ੍ਹਾਂ ਦਾ ਹੈ ਜਿਵੇਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਸ਼ਵ ਪੱਧਰ 'ਤੇ ਵਿਵਹਾਰ ਕਰ ਰਹੇ ਹਨ। ਪੁਤਿਨ ਯੂਕਰੇਨ ਵਿੱਚ ਅਜਿਹਾ ਕਰ ਰਹੇ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਇਵਾਨ ਵਿੱਚ ਅਜਿਹਾ ਹੀ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            