ਸਰਵੇ ''ਚ ਖੁਲਾਸਾ, ਭਾਰਤੀ-ਅਮਰੀਕੀ ਰੋਜ਼ਾਨਾ ਕਰਦੇ ਹਨ ''ਵਿਤਕਰੇ'' ਦਾ ਸਾਹਮਣਾ

06/09/2021 11:15:38 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਪ੍ਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕ ਆਏ ਦਿਨ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਦੇ ਹਨ। ਬੁੱਧਵਾਰ ਨੂੰ ਜਾਰੀ ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। 'ਭਾਰਤੀ-ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਭਾਰਤੀ-ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ' ਸਿਰਲੇਖ ਦੀ ਇਹ ਰਿਪੋਰਟ ਅਮਰੀਕਾ ਵਿਚ ਰਹਿ ਰਹੇ 1200 ਭਾਰਤੀ-ਅਮਰੀਕੀਆਂ ਦੇ ਆਨਲਾਈਨ ਸਰਵੇਖਣ 'ਤੇ ਆਧਾਰਿਤ ਹੈ ਜੋ ਸ਼ੋਧ ਅਤੇ ਵਿਸ਼ਲੇਸ਼ਣ ਸੰਬੰਧੀ ਕੰਪਨੀ 'ਯੂ.ਜੀ.ਓ.ਵੀ.' ਨਾਲ ਮਿਲ ਕੇ ਕੀਤਾ ਗਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ,''ਭਾਰਤੀ-ਅਮਰੀਕੀ ਆਏ ਦਿਨ ਵਿਤਕਰੇ ਦਾ ਸਾਹਮਣਾ ਕਰਦੇ ਹਨ। ਦੋ ਵਿਚੋਂ ਇਕ ਭਾਰਤੀ-ਅਮਰੀਕੀ ਨੇ ਪਿਛਲੇ ਇਕ ਸਾਲ ਵਿਚ ਵਿਤਕਰੇ ਦਾ ਸਾਹਮਣਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਇਹਨਾਂ ਵਿਚੋਂ ਸਭ ਚੋਂ ਵੱਧ ਵਿਤਕਰਾ ਉਹਨਾਂ ਦੀ ਸਕਿਨ ਦੇ ਰੰਗ ਦੇ ਆਧਾਰ 'ਤੇ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਇਹ ਹੈ ਕਿ ਅਮਰੀਕਾ ਵਿਚ ਜਨਮੇ ਭਾਰਤੀ-ਅਮਰੀਕੀਆਂ ਨੇ ਵਿਤਕਰੇ ਦਾ ਵੱਧ ਸ਼ਿਕਾਰ ਹੋਣ ਦੀ ਸ਼ਿਕਾਇਤ ਕੀਤੀ।ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਆਪਣੇ ਹੀ ਭਾਈਚਾਰੇ ਵਿਚ ਵਿਆਹ ਕੀਤਾ।ਸਰਵੇਖਣ ਵਿਚ ਹਿੱਸਾ ਲੈਣ ਵਾਲੇ 10 ਲੋਕਾਂ ਵਿਚ 8 ਦਾ ਜੀਵਨਸਾਥੀ ਭਾਰਤੀ ਮੂਲ ਦਾ ਹੈ ਜਦਕਿ ਅਮਰੀਕਾ ਵਿਚ ਜਨਮੇ ਭਾਰਤੀ-ਅਮਰੀਕੀਆਂ ਦੀ, ਭਾਰਤੀ ਮੂਲ ਦੇ ਹੀ ਪਰ ਅਮਰੀਕਾ ਵਿਚ ਜਨਮੇ ਵਿਅਕਤੀ ਨਾਲ ਵਿਆਹ ਕਰਾਉਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਸ਼ਰਾਬ ਪੀ ਕੇ ਪੈਟਰੋਲ ਨਾਲ ਭਰੇ ਟੈਂਕ ਨੂੰ ਚਲਾਉਣ ਵਾਲਾ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਸਰਵੇਖਣ ਵਿਚ ਪਾਇਆ ਗਿਆ ਕਿ ਭਾਰਤੀ-ਅਮਰੀਕੀਆਂ ਦੀ ਜ਼ਿੰਦਗੀ ਵਿਚ ਧਰਮ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਧਰਮ ਨੂੰ ਮੰਨਣ ਦੇ ਢੰਗ ਵੱਖਰੇ ਹਨ। ਕਰੀਬ 40 ਫੀਸਦੀ ਲੋਕ ਦਿਨ ਵਿਚ ਘੱਟੋ-ਘੱਟ ਇਕ ਵਾਰ ਪ੍ਰਾਰਥਨਾ ਕਰਦੇ ਹਨ ਅਤੇ 27 ਫੀਸਦੀ ਹਫ਼ਤੇ ਵਿਚ ਇਕ ਵਾਰ ਧਾਰਮਿਕ ਸੇਵਾਵਾਂ ਵਿਚ ਹਿੱਸਾ ਲੈਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ-ਅਮਰੀਕੀਆਂ ਵਿਚਾਲੇ ਧਰੁਵੀਕਰਨ ਅਮਰੀਕੀ ਸਮਾਜ ਵਿਚ ਵੱਡੇ ਰੁਝਾਨ ਨੂੰ ਦਰਸਾਉਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿੱਜੀ ਪੱਧਰ 'ਤੇ ਧਾਰਮਿਕ ਧਰੁਵੀਕਰਨ ਘੱਟ ਹੈ ਜਦਕਿ ਭਾਰਤ ਅਤੇ ਅਮਰੀਕਾ ਦੋਹਾਂ ਵਿਚ ਰਾਜਨੀਤਕ ਤਰਜੀਹ ਨਾਲ ਜੁੜਿਆ ਧਰੁਵੀਕਰਨ ਵੱਧ ਹੈ। ਭਾਰਤੀ-ਅਮਰੀਕੀਆਂ ਦੀ ਗਿਣਤੀ ਅਮਰੀਕਾ ਵਿਚ ਕੁੱਲ ਆਬਾਦੀ ਦੇ ਇਕ ਫੀਸਦੀ ਤੋਂ ਵੱਧ ਹੈ ਅਤੇ ਸਾਰੇ ਰਜਿਸਟਰਡ ਵੋਟਰਾਂ ਦੀ ਗਿਣਤੀ ਦੇ ਇਕ ਫੀਸਦੀ ਤੋਂ ਘੱਟ ਹੈ। ਦੇਸ਼ ਵਿਚ ਭਾਰਤੀ-ਅਮਰੀਕੀ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। 2018 ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਭਾਰਤੀ ਮੂਲ ਦੇ 42 ਲੱਖ ਲੋਕ ਰਹਿੰਦੇ ਹਨ।

ਨੋਟ- ਭਾਰਤੀ-ਅਮਰੀਕੀ ਰੋਜ਼ਾਨਾ ਕਰਦੇ ਹਨ 'ਵਿਤਕਰੇ' ਦਾ ਸਾਹਮਣਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News