ਹਿੰਦ-ਪ੍ਰਸ਼ਾਂਤ ਦੀਆਂ ਘਟਨਾਵਾਂ ਤੋਂ ਇਸ ਸ਼ਤਾਬਦੀ ਦਾ ਰੁਖ਼ ਤੈਅ ਹੋਵੇਗਾ : ਬਲਿੰਕਨ
Thursday, Feb 10, 2022 - 11:52 AM (IST)
ਕੈਨਬਰਾ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਚਿੰਤਾ ਦੇ ਬਾਵਜੂਦ ਅਮਰੀਕਾ ਦਾ ਧਿਆਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਆਪਣੇ ਲੰਬੇ ਮਿਆਦ ਵਾਲੇ ਹਿੱਤਾਂ 'ਤੇ ਕੇਂਦਰਿਤ ਹੈ। ਬਲਿੰਕਨ ਇਸ ਸਮੇਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਹਨ, ਜਿੱਥੇ ਸ਼ੁੱਕਰਵਾਰ ਨੂੰ ਉਹਨਾਂ ਦੇ ਆਸਟ੍ਰੇਲੀਆਈ, ਭਾਰਤੀ ਅਤੇ ਜਾਪਾਨੀ ਹਮਰੁਤਬਿਆਂ ਨਾਲ ਇੱਕ ਬੈਠਕ ਹੋਣੀ ਹੈ। ਇਹ ਚਾਰ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੇ ਗਠਜੋੜ 'ਕਵਾਡ' ਦਾ ਹਿੱਸਾ ਹਨ, ਜਿਸ ਨੂੰ ਚੀਨ ਦੇ ਵੱਧਦੇ ਖੇਤਰੀ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19: ਨਿਊਜ਼ੀਲੈਂਡ 'ਚ ਸੰਸਦ ਮੈਦਾਨ 'ਚ ਪ੍ਰਦਰਸ਼ਨ ਕਰ ਰਹੇ ਲੋਕ ਗ੍ਰਿਫ਼ਤਾਰ
ਬਲਿੰਕਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਪਹੁੰਚਣ ਦੇ ਬਾਅਦ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਕਿਹਾ ਕਿ ਦੁਨੀਆ ਵਿੱਚ ਅਜੇ ਕੁਝ ਹੋਰ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਹਨ। ਰੂਸ ਦੁਆਰਾ ਯੂਕਰੇਨ 'ਤੇ ਸੰਭਾਵਿਤ ਹਮਲਾ ਸਾਡੇ ਲਈ ਇੱਕ ਚੁਣੌਤੀ ਹੈ। ਅਸੀਂ ਉਸ 'ਤੇ 24 ਘੰਟੇ ਸੱਤ ਦਿਨ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਪਤਾ ਹੈ ਕਿ ਰਾਸ਼ਟਰਪਤੀ ਕਿਸੇ ਹੋਰ ਨਾਲੋਂ ਇਸ ਗੱਲ ਨੂੰ ਜ਼ਿਆਦਾ ਸਮਝਦੇ ਹਨ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੋ ਕੁਝ ਵੀ ਵਾਪਰੇਗਾ, ਉਸ ਨਾਲ ਇਸ ਸ਼ਤਾਬਦੀ ਦਾ ਰੁਖ਼ ਤੈਅ ਹੋਵੇਗਾ। ਬਲਿੰਕਨ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਹੈ ਜਿੱਥੋਂ ਪਿਛਲੇ ਪੰਜ ਸਾਲਾਂ ਵਿੱਚ ਗਲੋਬਲ ਆਰਥਿਕਤਾ ਵਿੱਚ ਹੋਏ ਵਾਧੇ ਦਾ ਦੋ ਤਿਹਾਈ ਹਿੱਸਾ ਆਇਆ।