ਇੰਡੋ ਅਮਰੀਕਨ ਹੈਰੀਟੇਜ ਫੋਰਮ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

Monday, Mar 28, 2022 - 11:22 AM (IST)

ਇੰਡੋ ਅਮਰੀਕਨ ਹੈਰੀਟੇਜ ਫੋਰਮ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਸਥਾਨਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮਰੀਕਨ ਹੈਰੀਟੇਜ ਫੋਰਮ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਸ਼ਰਧਾਂਜਲੀ ਸਮਾਗਮ ਇੰਡੀਆ ਓਵਨ ਰੈਸਟੋਰੈਂਟ ਵਿਚ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਸੁਰਿੰਦਰ ਮੰਡਾਲੀ ਨੇ ਸਭਨਾਂ ਨੂੰ ਜੀ ਆਇਆ ਆਖ ਕੇ ਕੀਤੀ। ਉਪਰੰਤ ਸਟੇਜ ਸੰਚਾਲਨ ਸੰਸਥਾ ਦੀ ਮਹਿਲਾ ਵਿੰਗ ਦੀ ਮੈਂਬਰ ਸ਼ਰਨਜੀਤ ਧਾਲੀਵਾਲ ਨੇ ਕੀਤਾ। ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਪਣੇ ਕਿਸੇ ਨਿੱਜੀ ਸੁਆਰਥ ਵਾਸਤੇ ਸ਼ਹੀਦ ਨਹੀਂ ਹੋਏ, ਸਗੋਂ ਇਹ ਦੇਸ਼ ਭਗਤ ਇਕ ਸੋਚ, ਇਕ ਜਜ਼ਬਾ ਲੈ ਕੇ ਚੱਲੇ ਸਨ ਅਤੇ ਇਨ੍ਹਾਂ ਦੀ ਸੋਚ 'ਤੇ ਪਹਿਰਾ ਦੇਣਾ ਹੀ ਇਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਬੁਲਾਰਿਆਂ ਨੇ ਢੋਂਗੀ ਬੁੱਧੀ-ਜੀਵੀਆਂ ਨੂੰ ਵੀ ਤੜਨਾ ਕੀਤੀ ਕਿ ਸ਼ੋਸ਼ਲ ਮੀਡੀਆ 'ਤੇ ਦੇਸ਼ ਦੇ ਸ਼ਹੀਦਾਂ ਬਾਰੇ ਊਲ-ਜਲੂਲ ਬੋਲਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ, ਕਿਉਂਕਿ ਇਹ ਸਾਡੇ ਦੇਸ਼ ਦੇ ਸ਼ਹੀਦਾਂ ਨਾਲ ਧ੍ਰੋਹ ਕਮਾਉਣ ਬਰਾਬਰ ਹੈ। ਇਸ ਮੌਕੇ ਸੰਤੋਖ ਮਨਿਹਾਸ, ਪ੍ਰਗਟ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਚੁਗਾਵਾਂ, ਮਲਕੀਤ ਸਿੰਘ ਕਿੰਗਰਾ, ਲਾਲ ਸਿੰਘ ਚੀਮਾ, ਜੀ. ਐਸ. ਗਰੇਵਾਲ, ਅਮੋਲਕ ਸਿੰਘ ਆਦਿ ਸੱਜਣਾਂ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। 

ਇਸ ਦੌਰਾਨ ਹਰਿੰਦਰ ਕੌਰ ਮਡਾਲੀ, ਰਾਜ ਬਰਾੜ, ਰਣਜੀਤ ਗਿੱਲ, ਗੁਰਲੀਨ ਕੌਰ ਆਦਿ ਨੇ ਇਨਕਲਾਬੀ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਅਖੀਰ ਵਿਚ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਆਪਣੇ ਨਵੇਂ ਨਕੋਰ ਗੀਤ “ਸੀ ਓਦੋਂ ਵੀ ਤੇਈ ਸਾਲ ਦਾ, ‘ਤੇ ਅੱਜ ਵੀ ਤੇਈ ਸਾਲ ਦਾ” ਗਾਕੇ ਦਿੱਤੀ। ਇਸ ਮੌਕੇ ਇੰਡੋ ਅਮਰੀਕਨ ਹੈਰੀਟੇਜ ਫੋਰਮ ਦੇ ਥੰਮ ਬਾਪੂ ਗੁਰਦੀਪ ਸਿੰਘ ਅਣਖੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।


author

cherry

Content Editor

Related News