130 ਯਾਤਰੀਆਂ ਨੂੰ ਲੈ ਕੇ ਤੁਰਕੀ ਪੁੱਜਾ ਇੰਡੀਗੋ ਜਹਾਜ਼, ਸਾਮਾਨ ਰਹਿ ਗਿਆ ਦਿੱਲੀ

Monday, Sep 16, 2019 - 04:50 PM (IST)

130 ਯਾਤਰੀਆਂ ਨੂੰ ਲੈ ਕੇ ਤੁਰਕੀ ਪੁੱਜਾ ਇੰਡੀਗੋ ਜਹਾਜ਼, ਸਾਮਾਨ ਰਹਿ ਗਿਆ ਦਿੱਲੀ

ਅੰਕਾਰਾ (ਏਜੰਸੀ)- ਇੰਡੀਗੋ ਏਅਰਲਾਈਨਜ਼ ਦੀ ਇਕ ਭੁੱਲ ਕਾਰਨ ਲਗਭਗ 130 ਯਾਤਰੀ ਵਿਦੇਸ਼ ਵਿਚ ਪਹੁੰਚ ਕੇ ਖੱਜਲ ਹੋ ਰਹੇ ਹਨ। ਦਰਅਸਲ ਇੰਡੀਗੋ ਏਅਰਲਾਈਨਜ਼ ਦੀ ਦਿੱਲੀ ਤੋਂ ਇਸਤਾਨਬੁਲ ਜਾਣ ਵਾਲੀ ਫਲਾਈਟ 6ਈ 11 ਯਾਤਰੀਆਂ ਨੂੰ ਲੈ ਕੇ ਇਸਤਾਨਬੁਲ ਤਾਂ ਪਹੁੰਚ ਗਈ ਪਰ ਸਾਰੇ ਯਾਤਰੀਆਂ ਦਾ ਸਾਮਾਨ ਦਿੱਲੀ ਹੀ ਰਹਿ ਗਿਆ। ਏਅਰਲਾਈਨਜ਼ ਦਾ ਕਹਿਣਾ ਹੈ ਕਿ ਉਸ ਦਾ ਸਟਾਫ ਸਾਰੇ ਯਾਤਰੀਆਂ ਦਾ ਸਾਮਾਨ ਲੋਡ ਕਰਨਾ ਹੀ ਭੁੱਲ ਗਏ ਅਤੇ ਫਲਾਈਟ ਬਿਨਾਂ ਸਾਮਾਨ ਲਏ ਉਡ ਗਈ। ਏਅਰਲਾਈਨਜ਼ ਦੀ ਇਸ ਹਰਕਤ ਨਾਲ ਯਾਤਰੀ ਕਾਫੀ ਨਾਰਾਜ਼ ਹਨ।

ਇਕ ਯਾਤਰੀ ਨੇ ਟਵਿੱਟਰ 'ਤੇ ਦੱਸਿਆ ਕਿ ਇਸਤਾਨਬੁਲ ਪਹੁੰਚਣ ਤੋਂ ਬਾਅਦ ਏਅਰਲਾਈਜ਼ ਨੇ ਉਨ੍ਹਾਂ ਨੂੰ ਇਕ ਚਿੱਠੀ ਫੜਾਈ ਜਿਸ ਵਿਚ ਸਾਮਾਨ ਛੁੱਟ ਜਾਣ ਦੀ ਗੱਲ ਕਹੀ ਗਈ ਸੀ। ਚਿੱਠੀ ਵਿਚ ਖੇਦ ਜਤਾਉਂਦੇ ਹੋਏ ਸਾਮਾਨ ਛੇਤੀ ਮੰਗਾ ਲੈਣ ਦੀ ਗੱਲ ਲਿਖੀ ਗਈ ਸੀ। ਇਕ ਯਾਤਰੀ ਨੇ ਲਿਖਿਆ ਕਿ ਇਕੱਠਿਆਂ ਸਾਰੇ ਯਾਤਰੀਆਂ ਦਾ ਸਾਮਾਨ ਛੁੱਟ ਜਾਣਾ ਹੈਰਾਨ ਕਰਨ ਵਾਲੀ ਗੱਲ ਹੈ। ਇਕ ਹੋਰ ਯਾਤਰੀ ਨੇ ਟਵਿੱਟਰ 'ਤੇ ਲਿਖਿਆ ਕਿ ਲਗੇਜ ਵਿਚ ਮੇਰੇ ਪਿਤਾ ਜੀ ਦੀਆਂ ਕੁਝ ਦਵਾਈਆਂ ਸਨ। ਉਹ ਡਾਇਬਟੀਜ਼ ਦੇ ਮਰੀਜ਼ ਹਨ ਜਿਨ੍ਹਾਂ ਨੇ ਰੋਜ਼ਾਨਾ ਦਵਾਈ ਦੀ ਖੁਰਾਕ ਲੈਣੀ ਹੁੰਦੀ ਹੈ। ਇਸ ਫਲਾਈਟ ਵਿਚ ਕੁਝ ਵੱਖ-ਵੱਖ ਦੇਸ਼ਾਂ ਲਈ ਉਡਾਣ ਭਰਨ ਵਾਲੇ ਯਾਤਰੀ ਵੀ ਸਨ। ਹੁਣ ਉਨ੍ਹਾਂ ਦਾ ਕੀ ਹੋਵੇਗਾ। ਇਕ ਯਾਤਰੀ ਨੇ ਟਵਿੱਟਰ 'ਤੇ ਦੱਸਿਆ ਕਿ ਪ੍ਰੇਸ਼ਾਨੀ ਤਾਂ ਕਾਫੀ ਹੋਈ ਪਰ ਇਸਤਾਨਬੁਲ ਏਅਰਪੋਰਟ 'ਤੇ ਏਅਰਲਾਈਨਜ਼ ਦੇ ਕਰਮਚਾਰੀ ਕਾਫੀ ਮਦਦਗਾਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ-ਇਕ ਯਾਤਰੀ ਦਾ ਸਾਮਾਨ ਪਛਾਣ ਕੇ ਉਨ੍ਹਾਂ ਤੱਕ ਪਹੁੰਚਾ ਦਿੱਤਾ ਜਾਵੇਗਾ।
 


author

Sunny Mehra

Content Editor

Related News