ਕੈਨੇਡਾ ਤੋਂ ਵਾਪਸ ਆਉਣਗੇ ਭਾਰਤੀ! ਜੂਨ ’ਚ 12.6 ਫ਼ੀਸਦੀ ਤੱਕ ਪਹੁੰਚੀ ਬੇਰੋਜ਼ਗਾਰੀ ਦਰ
Monday, Jul 22, 2024 - 10:32 AM (IST)
ਜਲੰਧਰ, (ਇੰਟ.)- ਕੈਨੇਡਾ ਵਿਚ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤੀਆਂ ਨੇ ਆਪਣੇ ਦੇਸ਼ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਜਾਣ ਵਾਲੇ ਬਹੁਤ ਸਾਰੇ ਭਾਰਤੀ ਇਸ ਸਮੇਂ ਰਿਕਾਰਡ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੈਨੇਡਾ ਵਿਚ ਹਾਲ ਹੀ ਵਿਚ ਆਏ ਪ੍ਰਵਾਸੀਆਂ ਦੀ ਬੇਰੋਜ਼ਗਾਰੀ ਦਰ ਜੂਨ ਵਿਚ 12.6 ਫੀਸਦੀ ਸੀ। ਇਹ ਪਿਛਲੇ 10 ਸਾਲਾਂ ਵਿਚ ਬੇਰੋਜ਼ਗਾਰੀ ਦਾ ਸਭ ਤੋਂ ਮਾੜਾ ਪੱਧਰ ਹੈ। ਕੈਨੇਡਾ ਵਿਚ ਸਥਾਈ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀ ਹਨ। ਇਸ ਲਈ ਇਸ ਬੇਰੋਜ਼ਗਾਰੀ ਦੀ ਸਭ ਤੋਂ ਵੱਧ ਮਾਰ ਭਾਰਤੀ ਲੋਕਾਂ ਨੂੰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵਲੋਂ ਪਿਛਲੇ ਅੱਠ ਮਹੀਨਿਆਂ ਦੌਰਾਨ ਭਾਰਤ ’ਤੇ ਲਾਈਆਂ ਗਈਆਂ ਪਾਬੰਦੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਨਗੀਆਂ ਅਤੇ ਕੈਨੇਡਾ ਤੋਂ ਪਰਤਣਾ ਅਜੇ ਦੂਰ ਦੀ ਗੱਲ ਹੈ।
ਭਾਰਤੀਆਂ ਦੇ ਪ੍ਰਭਾਵਿਤ ਹੋਣ ਦੀ ਕਿੰਨੀ ਸੰਭਾਵਨਾ
ਕੈਨੇਡਾ ਦੀ ਰਾਸ਼ਟਰੀ ਅੰਕੜਾ ਏਜੰਸੀ ‘ਸਟੈਟਿਸਟਿਕ ਕੈਨੇਡਾ’ ਅਨੁਸਾਰ 2023 ਤਕ 12.6 ਫੀਸਦੀ ਦੀ ਬੇਰੋਜ਼ਗਾਰੀ ਦਰ ਚਾਰ ਫੀਸਦੀ ਅੰਕ ਹੇਠਾਂ ਹੈ। ਕੈਨੇਡੀਅਨ ਮੂਲ ਦੇ ਲੋਕਾਂ ਵਿਚ ਬੇਰੋਜ਼ਗਾਰੀ 5.5 ਫੀਸਦੀ ਹੈ। 2023 ਵਿਚ ਇਹ 5 ਫੀਸਦੀ ਸੀ। ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਪ੍ਰਵਾਸੀਆਂ ਵਿਚ ਬੇਰੋਜ਼ਗਾਰੀ ਦੀ ਦਰ 2014 ਤੋਂ ਬਾਅਦ ਸਭ ਤੋਂ ਵੱਧ ਹੈ। ਪ੍ਰਵਾਸੀਆਂ ਵਿਚ ਵਧਦੀ ਬੇਰੋਜ਼ਗਾਰੀ ਨਾਲ ਭਾਰਤੀਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਵਿਚ ਭਾਰਤੀਆਂ ਨੇ ਸਭ ਤੋਂ ਵੱਧ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ ਹੈ। 2023 ਵਿਚ ਕੈਨੇਡਾ ਨੇ 4,71,810 ਲੋਕਾਂ ਨੂੰ ਸਥਾਈ ਨਾਗਰਿਕਤਾ ਦਿੱਤੀ। ਇਨ੍ਹਾਂ ਵਿਚੋਂ 1,39,785 ਜਾਂ ਲਗਭਗ 30 ਫੀਸਦੀ ਭਾਰਤੀ ਸਨ। ‘ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ’ ਕੈਨੇਡਾ ਦੇ ਅੰਕੜਿਆਂ ਮੁਤਾਬਕ 2019 ਤੋਂ ਬਾਅਦ ਕੈਨੇਡਾ ਆਏ 18,41,250 ਨਵੇਂ ਸਥਾਈ ਨਿਵਾਸੀਆਂ ਵਿਚੋਂ 5,14,435 ਭਾਰਤੀ ਸਨ।
‘ਸਟੈਟਿਸਟਿਕ ਕੈਨੇਡਾ’ ਨੇ ਇਕ ਤਾਜ਼ਾ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਜੂਨ 2024 ਵਿਚ 1.4 ਮਿਲੀਅਨ ਬੇਰੋਜ਼ਗਾਰ ਲੋਕ ਸਨ, ਜੋ ਕਿ ਪਿਛਲੇ ਮਹੀਨੇ ਨਾਲੋਂ 42,000 (+3.1ਫੀਸਦੀ) ਵੱਧ ਹੈ। ਕੈਨੇਡਾ ਦੀਆਂ ਕੰਪਨੀਆਂ ਉੱਚ ਵਿਆਜ਼ ਦਰਾਂ ਨਾਲ ਜੂਝ ਰਹੀਆਂ ਹਨ। ਇਸ ਕਾਰਨ ਉਹ ਪਿਛਲੇ ਦੋ ਸਾਲਾਂ ਤੋਂ ਨਿਯੁਕਤੀਆਂ ਕਰਨ ਤੋਂ ਝਿਜਕ ਰਹੀਆਂ ਹਨ। ਪ੍ਰਵਾਸੀਆਂ ਦੀ ਭਾਰੀ ਆਮਦ ਕਾਰਨ ਕੈਨੇਡਾ ਦੀ ਆਬਾਦੀ ਵੀ ਵਧੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਉਮੀਦਵਾਰ ਬਣੀ ਕਮਲਾ ਹੈਰਿਸ, ਕਿਹਾ-ਬਾਈਡੇਨ ਦਾ ਸਮਰਥਨ ਮਿਲਣ 'ਤੇ ਮਾਣ ਮਹਿਸੂਸ ਕਰ ਰਹੀ
ਦੇਸ਼ ਵਿਚ ਮੌਕੇ ਹੋਣਗੇ ਤਾਂ ਹੀ ਪਰਤਣਗੇ ਭਾਰਤੀ
ਇਕ ਰਿਪੋਰਟ ਅਨੁਸਾਰ ਹਾਲ ਹੀ ਵਿਚ ਬਰੈਂਪਟਨ ਵਿਚ ਕੈਨੇਡੀਅਨ ਪੰਜਾਬੀ ਕਲਚਰਲ ਸੋਸਾਇਟੀ ਦੇ ਇਕ ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਕੈਨੇਡਾ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਭਾਰਤ ਪਰਤਣਾ ਤਾਂ ਹੀ ਸੰਭਵ ਹੈ ਜਦੋਂ ਭਾਰਤ ਦੀ ਸਮਾਜਿਕ-ਆਰਥਿਕ ਹਾਲਤ ਕੈਨੇਡਾ ਨਾਲੋਂ ਬਿਹਤਰ ਹੋਵੇਗੀ। ਫਿਲਹਾਲ ਇਸ ਤਰ੍ਹਾਂ ਦੀ ਹਾਲਤ ਦੀ ਕੋਈ ਸੰਭਾਵਨਾ ਨਹੀਂ ਜਾਪਦੀ।ਕੁਲਦੀਪ ਸਿੰਘ ਨੇ ਕਿਹਾ ਕਿ ਕੋਈ ਵਿਅਕਤੀ ਪਰਤਣ ਦੀ ਕਲਪਨਾ ਉਦੋਂ ਹੀ ਕਰ ਸਕਦਾ ਹੈ, ਜਦੋਂ ਉਸਨੂੰ ਆਪਣੇ ਦੇਸ਼ ਵਿਚ ਜ਼ਿਆਦਾ ਮੌਕੇ ਦਿਸਣ। ਇਹ ਅਜੇ ਵੀ ਇਕ ਕਲਪਨਾ ਹੈ ਤੇ ਹਕੀਕਤ ਤੋਂ ਬਹੁਤ ਦੂਰ ਹੈ। ਵਰਲਡ ਡਿਵੈਲਪਮੈਂਟ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰੋ. ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਪ ਵਿਚ ਦੁਨੀਆ ਭਰ ਵਿਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਾਲ 2000 ਵਿਚ 2 ਫੀਸਦੀ ਤੋਂ ਵਧ ਕੇ 2023 ਵਿਚ 41 ਫੀਸਦੀ ਹੋ ਗਈ ਹੈ।ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਵੱਲ ਪ੍ਰਵਾਸ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ। ਇਕੱਲੇ 2019 ਵਿਚ 198,235 ਵਿਦਿਆਰਥੀ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਇਨ੍ਹਾਂ ਵਿਚੋਂ 71 ਫੀਸਦੀ ਪੰਜਾਬ ਦੇ ਸਨ।
ਪੰਜਾਬ ਤੋਂ ਪ੍ਰਵਾਸ ਦਾ ਕਾਰਨ ਖੇਤੀ ਸੰਕਟ
ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਭਾਰਤ ਦੇ ਖੁਸ਼ਹਾਲ ਸੂਬਿਆਂ ਵਿਚੋਂ ਇਕ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਮਰੱਥ ਨਹੀਂ ਹੈ। ਪੰਜਾਬ ਤੋਂ ਪ੍ਰਵਾਸ ਦੇ ਮੁੱਖ ਕਾਰਨ ਖੇਤੀ ਸੰਕਟ, ਸਨਅਤੀਕਰਨ ਦੀ ਮੱਠੀ ਰਫ਼ਤਾਰ, ਭਾਰਤੀ ਸਿੱਖਿਆ ਪ੍ਰਣਾਲੀ ਦਾ ਲੁਪਤ ਹੋਣਾ ਤੇ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਹੈ, ਜਿਸ ਕਾਰਨ ਪੰਜਾਬੀ ਨੌਜਵਾਨ ਆਪਣੀ ਪੜ੍ਹਾਈ, ਰੋਜ਼ਗਾਰ ਅਤੇ ਰਹਿਣ-ਸਹਿਣ ਦੀਆਂ ਸਹੂਲਤਾਂ ਲਈ ਵਿਦੇਸ਼ਾਂ ਵਿਚ ਪਲਾਇਨ ਕਰਨ ਲਈ ਮਜਬੂਰ ਹਨ।ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦੇ ਅੰਕੜਿਆਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ 2014 ਵਿਚ 3.26 ਲੱਖ ਤੋਂ ਵਧ ਕੇ 2022 ਵਿਚ 8 ਲੱਖ ਤੋਂ ਵੱਧ ਹੋ ਗਈ। ਦੇਸ਼ ਵਿਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ ਦਸੰਬਰ 2023 ਦੇ ਅੰਤ ਤਕ 10 ਲੱਖ ਪਾਰ ਕਰਨ ਦੀ ਉਮੀਦ ਸੀ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਓਂਟਾਰੀਓ ਵਿਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।