2016 ਤੇ 2017 ''ਚ ਭਾਰਤੀਆਂ ਨੂੰ ਮਿਲਿਆ ਤਿੰਨ ਚੌਥਾਈ H-1B ਵੀਜ਼ਾ

Wednesday, May 09, 2018 - 11:19 AM (IST)

ਵਾਸ਼ਿੰਗਟਨ— ਅਮਰੀਕਾ ਦੀ ਯੂ.ਐਸ. ਸਿਟੀਜਨ ਐਂਡ ਇਮੀਗ੍ਰੇਸ਼ਨ ਸਰਵਿਸ (ਯੂ.ਐਸ.ਸੀ.ਆਈ.ਐਸ) ਦੀ ਤਾਜ਼ਾ ਰਿਪੋਰਟ ਮੁਤਾਬਕ 2016 ਅਤੇ 2017 ਵਿਚ ਅਮਰੀਕਾ ਵੱਲੋਂ ਜਾਰੀ ਕੀਤੇ ਗਏ ਕੁੱਲ ਐਚ-1ਬੀ ਵੀਜ਼ਾ ਵਿਚੋਂ ਤਕਰੀਬਨ ਤਿੰਨ ਚੌਥਾਈ ਵੀਜ਼ਾ ਭਾਰਤੀ ਤਕਨੀਕੀ ਮਾਹਰਾਂ ਨੂੰ ਮਿਲੇ। ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦੂਜੇ ਸਥਾਨ 'ਤੇ ਚੀਨ ਰਿਹਾ, ਜਿਸ ਦੀ 2016 ਅਤੇ 2017 ਵਿਚ ਜ਼ਾਰੀ ਹੋਏ ਵੀਜ਼ਾ ਵਿਚ ਤਕਰੀਬਨ 10 ਫੀਸਦੀ ਹਿੱਸੇਦਾਰੀ ਰਹੀ। ਦੱਸਣਯੋਗ ਹੈ ਕਿ 2017 ਵਿਚ ਕੁੱਲ ਜਾਰੀ ਕੀਤੇ ਗਏ ਐਚ-1ਬੀ ਵੀਜ਼ਾ ਵਿਚ ਕੰਪਿਊਟਰ ਸਬੰਧੀ ਨੌਕਰੀ ਵਿਚ ਕੰਮ ਕਰ ਰਹੇ ਲੋਕਾਂ ਨੂੰ 69.8 ਫੀਸਦੀ ਵੀਜ਼ਾ ਦਿੱਤਾ ਗਿਆ।
ਆਮਦਨ ਵਿਚ ਵੀ ਵਾਧਾ—
ਐਚ-1ਬੀ ਵੀਜ਼ਾ ਨਾਲ ਜੁੜੀਆਂ ਕਈ ਗਲਤਫਹਿਮੀਆਂ ਨੂੰ ਦੂਰ ਕਰਨ ਵਾਲੀ ਇਸ ਰਿਪੋਰਟ ਵਿਚ ਵਿਭਾਗ ਨੇ ਦੱਸਿਆ ਕਿ ਵੀਜ਼ਾ ਪਾਉਣ ਵਾਲੇ ਲੋਕਾਂ ਦੀ ਔਸਤ ਆਮਦਨ 2016 ਵਿਚ 82 ਹਜ਼ਾਰ ਡਾਲਰ (55 ਲੱਖ ਰੁਪਏ) ਤੋਂ ਵਧਾ ਕੇ 2017 ਵਿਚ 85 ਹਜ਼ਾਰ ਡਾਲਰ (57 ਲੱਖ ਰੁਪਏ) ਕਰ ਦਿੱਤੀ ਗਈ ਹੈ। ਇਸ ਜ਼ਰੀਏ ਅਮਰੀਕੀ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਅਜਿਹੀ ਨੌਕਰੀ 'ਤੇ ਰੱਖਦੀਆਂ ਹਨ, ਜਿੱਥੇ ਤਕਨੀਕੀ ਜਾਂ ਵਿਹਾਰਕ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨੀਕੀ ਖੇਤਰ ਦੀ ਕੰਪਨੀਆਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਲਈ ਇਸ ਐਚ-1ਬੀ ਵੀਜ਼ੇ 'ਤੇ ਨਿਰਭਰ ਰਹਿੰਦੀਆਂ ਹਨ।
ਜਾਣੋ ਕੀ ਹੁੰਦਾ ਹੈ ਸ਼ੁਰੂਆਤੀ ਐਚ-1ਬੀ ਵੀਜ਼ਾ—
ਜਦੋਂ ਕੋਈ ਵਿਅਕਤੀ ਪਹਿਲੀ ਵਾਰ ਅਮਰੀਕਾ ਵਿਚ ਨੌਕਰੀ ਲਈ ਵੀਜ਼ੇ ਦੀ ਐਪਲੀਕੇਸ਼ਨ ਦਿੰਦਾ ਹੈ ਤਾਂ ਉਸ ਨੂੰ ਸ਼ੁਰੂਆਤੀ ਵੀਜ਼ਾ ਕਹਿੰਦੇ ਹਨ ਅਤੇ ਜੋ ਭਾਰਤੀ ਪਹਿਲਾਂ ਤੋਂ ਅਮਰੀਕਾ ਵਿਚ ਕੰਮ ਕਰ ਰਹੇ ਹਨ, ਉਹ ਆਪਣੇ ਸ਼ੁਰੂਆਤੀ ਵੀਜ਼ੇ ਦੀ ਮਿਆਦ ਖਤਮ ਹੋਣ 'ਤੇ ਆਪਣੀ ਨੌਕਰੀ ਦੇ ਹਿਸਾਬ ਨਾਲ ਕੰਮ ਜਾਰੀ ਰੱਖਣ ਲਈ ਵੀਜ਼ਾ ਲਈ ਐਪਲੀਕੇਸ਼ਨ ਦੇ ਸਕਦੇ ਹਨ।


Related News