ਇੰਡੀਆਨਾਪੋਲਿਸ ਗੋਲੀਬਾਰੀ ''ਚ ਮਾਰੇ ਗਏ ਲੋਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ
Saturday, Apr 24, 2021 - 11:53 AM (IST)
ਵਾਸ਼ਿੰਗਟਨ (ਰਾਜ ਗੋਗਨਾ)— ਬੀਤੇ ਦਿਨ ਇੰਡੀਆਨਾਪੋਲਿਸ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਮਾਰੇ ਗਏ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ 8 ਲੋਕਾਂ ਲਈ ਇਕ ਵਰਚੁਅਲ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿਚ 150 ਤੋਂ ਉੱਪਰ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈਚਾਰੇ ਦੇ ਲੀਡਰਾਂ ਨੇ ਹਿੱਸਾ ਲਿਆ।
ਇਹ ਸ਼ੋਕ ਸਭਾ ਸਰਵ ਧਰਮਾਂ ਦੀਆਂ ਅਰਦਾਸਾਂ ਨਾਲ ਸ਼ੁਰੂ ਕੀਤੀ ਗਈ। ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਗ੍ਰੰਥੀ ਜੀ ਨੇ ਅਰਦਾਸ ਕਰਕੇ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਉਪਰੰਤ ਹਿੰਦੂ ਮੰਦਰ ਦੇ ਪੁਜਾਰੀ ਨੇ ਪ੍ਰਾਰਥਨਾ ਕੀਤੀ। ਫਿਰ ਗਿਰਜਾਘਰ ਦੇ ਪੁਜਾਰੀ ਨੇ ਪਰੇਅਰ ਕੀਤੀ ਅਤੇ ਅੰਤ ਵਿਚ ਮੁਸਲਿਮ ਲੀਡਰ ਨੇ ਵੀ ਦੁਆ ਕੀਤੀ। ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਦੇ ਮਨਿਸਟਰ ਆਫ ਕਮਿਊਨਿਟੀ ਅਫੇਅਰਸ ਸ਼੍ਰੀ ਅਨੁਰਾਗ ਕੁਮਾਰ ਨੇ ਭਾਰਤ ਸਰਕਾਰ ਵੱਲੋਂ ਵੀ ਸ਼ਰਧਾਂਜਲੀ ਦਿੱਤੀ।
ਅਮਰੀਕਾ ਦੇ ਵੱਖ-ਵੱਖ ਕੋਨਿਆਂ ਤੋਂ ਹਰ ਇਕ ਵੱਡੀ ਭਾਰਤੀ ਮੂਲ ਦੀ ਸੰਸਥਾ ਨੇ ਇਸ ਵਿਚ ਹਿੱਸਾ ਪਾਇਆ। ਮੈਰੀਲੈਂਡ ਸੂਬੇ ਦੀ ਪ੍ਰਿੰਸ ਜਾਰਜ ਕਾਉਂਟੀ ਦੇ ਸਮੂਹ ਮੁਲਾਜ਼ਮਾਂ ਨੇ ਕਿਹਾ ਕਿ ਇਸ ਵਕਤ ਪੂਰੀ ਅਮਰੀਕਨ ਕਮਿਊਨਿਟੀ ਸਿੱਖਾਂ ਦੇ ਨਾਲ ਖੜ੍ਹੀ ਹੈ। ਸਿੱਖਾਂ ਦੇ ਮੁੱਖ ਸੰਗਠਨ ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ‘ਜੱਸੀ’ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ਇਸ ਮੁਸ਼ਕਲ ਦੀ ਘੜੀ ਵਿਚ ਸਿੱਖਾਂ ਨਾਲ ਹਰ ਕਮਿਊਨਿਟੀ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਸਾਨੂੰ ਇਕ ਹੋ ਕੇ ਅੱਗੇ ਵਧਣ ਦੀ ਲੋੜ ਹੈ। ਇਸ ਸ਼ੋਕ ਸ਼ਭਾ 'ਚ ਐੱਨ. ਸੀ. ਏ. ਆਈ. ਏ. ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਸ਼ੋਕ ਸਭਾ ਦਾ ਆਯੋਜਨ ਕੀਤਾ।