ਇੰਡੀਆਨਾਪੋਲਿਸ ਗੋਲੀਬਾਰੀ ’ਚ ਮਾਰੇ ਗਏ 8 ਲੋਕਾਂ ਦੀ ਯਾਦ ''ਚ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ
Thursday, Apr 29, 2021 - 09:45 AM (IST)
ਨਿਊਯਾਰਕ (ਰਾਜ ਗੋਗਨਾ) - ਬੀਤੇ ਦਿਨੀਂ ਇੰਡੀਆਨਾਪੋਲਿਸ ਸੂਬੇ 'ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਮਾਰੇ ਗਏ 8 ਲੋਕਾਂ ਦੀ ਯਾਦ ਵਿਚ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਐਲਕ ਗਰੋਵ ਸ਼ਹਿਰ ਵਿਚ ਇਕ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਣ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਗੋਲੀਬਾਰੀ 'ਚ ਮਾਰੇ ਗਏ 8 ਲੋਕਾਂ ਵਿਚ 4 ਸਿੱਖ ਭਾਈਚਾਰੇ ਨਾਲ ਸੰਬੰਧਤ ਸਨ, ਜਿਨ੍ਹਾਂ ਵਿਚ 66 ਸਾਲਾ ਅਮਰਜੀਤ ਕੌਰ ਜੌਹਲ, 50 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ ਅਤੇ 48 ਸਾਲਾ ਅਮਰਜੀਤ ਕੌਰ ਸੇਖੋਂ ਸ਼ਾਮਲ ਸਨ। ਸਿੰਘ ਐਂਡ ਕੌਰ ਪਾਰਕ, ਐਲਕ ਗਰੋਵ ਵਿਖੇ ਹੋਏ ਇਸ ਸਮਾਗਮ ਵਿਚ ਬੋਲਦਿਆਂ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਨੇ ਕਿਹਾ ਕਿ ਸਾਡੇ ਭਾਈਚਾਰੇ ਲਈ ਇਹ ਬਹੁਤ ਵੱਡੀ ਦੁਖ਼ਦਾਈ ਘਟਨਾ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਤੰਬਰ 11 ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਨੂੰ ਸਮੇਂ-ਸਮੇਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਪਛਾਣ ਬਣਾਉਣ ਲਈ ਅਮਰੀਕੀ ਵਿਵਸਥਾ ਵਿਚ ਸ਼ਾਮਲ ਹੋਣ ਦੀ ਸਖ਼ਤ ਲੋੜ ਹੈ। ਇਸ ਸਮਾਗਮ ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਏਸ਼ੀਅਨ, ਗੋਰੇ, ਕਾਲੇ, ਮੈਕਸੀਕਨ ਆਦਿ ਭਾਈਚਾਰੇ ਨੇ ਵੀ ਹਿੱਸਾ ਲਿਆ। ਆਏ ਲੋਕਾਂ ਵੱਲੋਂ ਦਿਨ ਢਲਦਿਆਂ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।