ਅਮਰੀਕਾ 'ਚ ਭਾਰਤੀ ਨੌਜਵਾਨ ਨੇ ਜਿੱਤਿਆ ਇਕ ਲੱਖ ਡਾਲਰ ਦਾ ਇਨਾਮ

Saturday, Jun 29, 2019 - 02:43 PM (IST)

ਅਮਰੀਕਾ 'ਚ ਭਾਰਤੀ ਨੌਜਵਾਨ ਨੇ ਜਿੱਤਿਆ ਇਕ ਲੱਖ ਡਾਲਰ ਦਾ ਇਨਾਮ

ਵਾਸ਼ਿੰਗਟਨ— ਭਾਰਤੀ-ਅਮਰੀਕੀ ਨੌਜਵਾਨ ਅਵੀ ਗੁਪਤਾ ਨੇ ਪ੍ਰਸ਼ਨ-ਉੱਤਰ (ਕੁਈਜ਼) ਵਾਲੇ ਇਕ ਪ੍ਰੋਗਰਾਮ 'ਚ 1,00,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਅਮਰੀਕਾ 'ਚ ਦੇਖਿਆ ਜਾਣ ਵਾਲਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਅਵੀ ਦੀ '2019 ਟੀਨ ਜਿਓਪਾਰਡੀ' ਪ੍ਰੋਗਰਾਮ 'ਚ ਜਿੱਤ ਦਾ ਸ਼ੁੱਕਰਵਾਰ ਨੂੰ ਟੀ.ਵੀ. 'ਤੇ ਪ੍ਰਸਾਰਣ ਕੀਤਾ ਗਿਆ, ਜਿਸ 'ਚ ਉਨ੍ਹਾਂ ਨੇ 3 ਭਾਰਤੀ-ਅਮਰੀਕੀ ਟੀਨਏਜਰਸ ਨੂੰ ਹਰਾਇਆ। 

ਜਾਣਕਾਰੀ ਮੁਤਾਬਕ ਓਰੇਗਨ, ਪੋਰਟਲੈਂਡ 'ਚ ਹਾਈ ਸਕੂਲ ਦੇ ਵਿਦਿਆਰਥੀ ਅਵੀ ਨੇ ਟੀਨ ਟੂਰਨਾਮੈਂਟ 'ਚ ਜਿੱਤ ਹਾਸਲ ਕੀਤੀ ਅਤੇ 1,00,000 ਡਾਲਰ ਦਾ ਇਨਾਮ ਉਸ ਨੂੰ ਮਿਲਿਆ। ਅਵੀ ਨੇ ਆਪਣੀ ਜਿੱਤ 'ਤੇ ਕਿਹਾ,''ਇਹ ਸਭ ਕੁੱਝ ਹੁਣ ਵੀ ਸੱਚ ਨਹੀਂ ਲੱਗ ਰਿਹਾ, ਮੈਂ ਸਚਮੁੱਚ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਅਤੇ ਆਪਣੇ-ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।'' ਉਸ ਨੇ ਕਿਹਾ 'ਜੀਓਪਾਰਡੀ' ਉਸ ਦੇ ਅਤੇ ਉਸ ਦੇ ਪਰਿਵਾਰ ਲਈ ਬਹੁਤ ਮਹੱਤਵਪੂਰਣ ਹੈ। ਅਵੀ ਦੀ ਮਾਂ ਨੰਦਿਤਾ ਗੁਪਤਾ ਨੇ ਕਿਹਾ,''ਇਕ ਮਾਂ ਹੋਣ ਦੇ ਨਾਤੇ ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਨੂੰ ਆਪਣੇ ਪੁੱਤ ਦੀ ਜਿੱਤ 'ਤੇ ਮਾਣ ਹੈ ਤੇ ਅਸੀਂ ਬਹੁਤ ਖੁਸ਼ ਹਾਂ।


Related News